ਨਵਕਿਰਨ ਸਿੰਘ
ਮਹਿਲ ਕਲਾਂ, 17 ਅਗਸਤ
ਭਾਰਤ ਮਾਲਾ ਪਰਿਯੋਜਨਾ ਤਹਿਤ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਵਿੱਚੋਂ ਲੰਘਣ ਵਾਲੀ ਤਜਵੀਜ਼ਤ ਸੜਕ ਦਾ ਵਿਰੋਧ ਤਿੱਖਾ ਹੋ ਗਿਆ ਹੈ। ਕਿਸਾਨਾਂ ਨੇ ਇਸ ਪਰਿਯੋਜਨਾ ਤਹਿਤ ਬਣਨ ਵਾਲੇ ਹਾਈਵੇਅ ਲਈ ਜਮੀਨਾਂ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਪਿੰਡ ਵਜੀਦਕੇ ਕਲਾਂ ਵਿੱਚ ਭਾਰਤੀ ਕਿਸਾਨ-ਮਜ਼ਦੂਰ ਰੋਡ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਸਾਂਝੇ ਤੌਰ ’ਤੇ ਐੱਨਐੱਚਏਆਈ ਅਧਿਕਾਰੀਆਂ ਦੇ ਜ਼ਮੀਨਾਂ ਵਿੱਚ ਦਾਖ਼ਲੇ ਲਈ ‘ਨੋ ਐਂਟਰੀ’ ਦੇ ਬੋਰਡ ਲਗਾ ਦਿੱਤੇ ਗਏ ਹਨ। ਇਸ ਸਬੰਧੀ ਕਿਸਾਨ ਆਗੂ ਰਜਿੰਦਰ ਸਿੰਘ ਵਜੀਦਕੇ, ਜੋਗਿੰਦਰ ਸਿੰਘ ਅਤੇ ਰੋਡ ਸੰਘਰਸ਼ ਕਮੇਟੀ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਭਾਰਤ ਮਾਲਾ ਪ੍ਰਾਜੈਕਟ ਤਹਿਤ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ’ਤੇ ਕਾਬਜ਼ ਹੋ ਰਹੀ ਹੈ ਪਰ ਕਿਸਾਨ ਆਪਣੀਆਂ ਉਪਜਾਊ ਜ਼ਮੀਨਾਂ ਹਾਈਵੇਅ ਲਈ ਨਹੀਂ ਦੇਣਗੇ ਕਿਉਂਕਿ ਇਹ ਹਾਈਵੇਅ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਅਤੇ ਹੁਣ ਖੇਤੀ ਕਾਨੂੰਨ ਰੱਦ ਹੋਣ ’ਤੇ ਨਵੇਂ ਹਾਈਵੇਅ/ਸੜਕਾਂ ਬਣਾਉਣ ਦੇ ਨਾਂ ਹੇਠ ਕਿਸਾਨਾਂ ਦੀਆਂ ਉਪਜਾਊ ਜ਼ਮੀਨਾਂ ਜਬਰੀ ਹਾਸਲ ਕਰਨਾ ਚਾਹੁੰਦੀ ਹੈ।
ਇਨ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਐਕੁਆਇਰ ਕੀਤੀਆਂ ਜਾ ਰਹੀਆਂ ਇਨ੍ਹਾਂ ਜ਼ਮੀਨਾਂ ਅਤੇ ਮੁਆਵਜ਼ੇ ਸਬੰਧੀ ਕਿਸੇ ਵੀ ਅਧਿਕਾਰੀ ਵੱਲੋਂ ਕਿਸਾਨਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਗਈ ਹੈ ਅਤੇ ਜਿਨ੍ਹਾਂ ਚਿਰ ਕਿਸਾਨਾਂ ਨਾਲ ਮੀਟਿੰਗ ਕਰਕੇ ਸਹਿਮਤੀ ਨਹੀਂ ਬਣਦੀ ਉਨ੍ਹਾਂ ਚਿਰ ਕਿਸੇ ਵੀ ਸਰਕਾਰੀ/ਕੰਪਨੀ ਅਧਿਕਾਰੀ ਨੂੰ ਜ਼ਮੀਨਾਂ ਵਿੱਚ ਪੈਰ ਨਹੀਂ ਧਰਨ ਦਿੱਤਾ ਜਾਵੇਗਾ।