ਨਿੱਜੀ ਪੱਤਰ ਪ੍ਰੇਰਕ
ਮੋਗਾ, 14 ਮਾਰਚ
ਸਿੱਖਿਆ ਵਿਭਾਗ ਵੱਲੋਂ 8886 ਅਧਿਆਪਕ ਨਾਲ ਪਹਿਲਾਂ ਤਨਖਾਹ ਕਟੌਤੀ ਤੇ ਹੁਣ ਤਬਾਦਲਾ ਨੀਤੀ ’ਚ ਧੱਕੇਸ਼ਾਹੀ ਤੋਂ ਅਧਿਆਪਕ ਵਰਗ ਵਿੱਚ ਰੋਹ ਫ਼ੈਲ ਗਿਆ ਹੈ। ਐੱਸਐੱਸਏ/ਰਮਸਾ ਅਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀ 9 ਸਾਲ ਦੀ ਸਰਵਿਸ ਨੂੰ ਤਬਾਦਲਾ ਨੀਤੀ ਵਿੱਚ ਨਾ ਗਿਣਨ ਦਾ ਪੱਤਰ ਜਾਰੀ ਕੀਤਾ ਹੈ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਸੂਬਾਈ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਐੱਸਐੱਸਏ/ਰਮਸਾ ਅਧਿਆਪਕ ਯੂਨੀਅਨ ਦੇ ਸੂਬਾਈ ਪ੍ਰਧਾਨ ਦੀਦਾਰ ਸਿੰਘ ਮੁੱਦਕੀ ਨੇ ਵਿਭਾਗ ਦੇ ਇਸ ਤੁਗਲਕੀ ਫੁਰਮਾਨ ਦੀ ਨਿਖ਼ੇਧੀ ਕਰਦੇ ਆਖਿਆ ਕਿ ਆਨਲਾਈਨ ਤਬਾਦਲਾ ਪ੍ਰਕਿਰਿਆ ਦੌਰਾਨ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀ ਨਿੱਤ ਨਵਾਂ ਚੰਦ ਚਾੜ੍ਹ ਰਹੇ ਹਨ। ਉਨ੍ਹਾਂ ਇਸ ਧੱਕੇਸ਼ਹੀ ਖ਼ਿਲਾਫ਼ ਸਰਕਾਰ ਨੂੰ ਸੰਘਰਸ਼ ਦੀ ਚਿਤਾਵਨੀ ਦਿੰਦੇ ਕਿਹਾ ਕਿ ਅਧਿਕਾਰੀਆਂ ਵੱਲੋਂ ਇਹ ਨਵਾਂ ਫੁਰਮਾਨ ਜਾਰੀ ਕਰਕੇ ਪਹਿਲਾਂ ਹੀ ਤਨਖਾਹ ਕਟੌਤੀ ਦੀ ਮਾਰ ਅਤੇ ਲਗਪਗ ਦਸ ਸਾਲਾਂ ਤੋਂ ਦੂਰ ਦੁਰਾਡੇ ਦੇ ਸਕੂਲਾਂ ਵਿੱਚ ਸੇਵਾ ਨਿਭਾਉਣ ਦਾ ਸੰਤਾਪ ਹੰਢਾ ਰਹੇ ਅਧਿਆਪਕਾਂ ਉੱਪਰ ਵਿਭਾਗ ਨੇ ਹੋਰ ਵੱਡੀ ਵਧੀਕੀ ਥੋਪ ਦਿੱਤੀ ਹੈ।