ਪੱਤਰ ਪ੍ਰੇਰਕ
ਬਾਘਾ ਪੁਰਾਣਾ, 7 ਸਤੰਬਰ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਗੁਰੂ ਨਾਨਕ ਕਾਲਜ ਰੋਡੇ ਵਿੱਚ ਰੈਲੀ ਦੌਰਾਨ ਕਾਲਜਾਂ ਵਿੱਚ ਸੇਵਾਮੁਕਤ ਹੋ ਚੁੱਕੇ ਪ੍ਰੋਫੈਸਰਾਂ ਨੂੰ ਭਰਤੀ ਕੀਤੇ ਜਾਣ ਸਬੰਧੀ ਰੋਸ ਰੈਲੀ ਕੀਤੀ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲਾ ਆਗੂ ਵਿਸ਼ਵਦੀਪ ਲੰਗੇਆਣਾ ਤੇ ਹੋਰ ਬੁਲਾਰਿਆਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਡੇ-ਵੱਡੇ ਵਾਅਦਿਆਂ ਨਾਲ ਲੋਕਾਂ ਨਾਲ ਤੇ ਵਿਸ਼ੇਸ਼ ਕਰ ਕੇ ਬੇਰੁਜ਼ਗਾਰ ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਠੱਗੀ ਮਾਰੀ ਹੈ। ਆਗੂਆਂ ਨੇ ਆਖਿਆ ਕਿ ‘ਆਪ’ ਦਾ ਬਦਲਾਅ ਸਿਰਫ਼ ’ਤੇ ਸਿਰਫ਼ ਫਲੈਕਸ ਬੋਰਡਾਂ ਤੱਕ ਸੀਮਤ ਹੋ ਕੇ ਰਹਿ ਗਿਆ। ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਬਿਆਨ, ਕਿ ਕਾਲਜਾਂ ਵਿੱਚ ਸੇਵਾਮੁਕਤ ਪ੍ਰੋਫੈਸਰਾਂ ਨੂੰ ਦੁਬਾਰਾ ਭਰਤੀ ਕੀਤਾ ਜਾਵੇਗਾ, ਨਿੰਦਣਯੋਗ ਹੈ। ਪੀਐੱਸਯੂ ਆਗੂਆਂ ਨੇ ਮੰਗ ਕੀਤੀ ਕਿ ਪੀ.ਐੱਚ.ਡੀ ਬੇਰੁਜ਼ਗਾਰ ਜਾਂ 20 ਸਾਲਾਂ ਤੋਂ ਨਿਗੂਣੀਆਂ ਤਨਖਾਹਾਂ ’ਤੇ ਕੰਮ ਕਰ ਰਹੇ ਗੈਸਟ ਫੈਕਲਟੀ ਲੈਕਚਰਾਰਾਂ ਨੂੰ ਪੱਕਾ ਕੀਤਾ ਜਾਵੇ ਤੇ ਰਿਟਾਇਰ ਪ੍ਰੋਫੈਸਰਾਂ ਨੂੰ ਮੁੜ-ਭਰਤੀ ਦਾ ਫੈਸਲਾ ਰੱਦ ਕੀਤਾ ਜਾਵੇ।