ਪੱਤਰ ਪ੍ਰੇਰਕ
ਚਾਉਕੇ, 28 ਸਤੰਬਰ
ਪਿੰਡ ਮੰਡੀ ਕਲਾਂ ਵਿੱਚ ਬਹੁਮੰਤਵੀ ਸਹਿਕਾਰੀ ਸੁਸਾਇਟੀ ਦੀ ਚੋਣ ਮੁਲਤਵੀ ਹੋਣ ’ਤੇ ਰੋਹ ਵਿਚ ਆਏ ਕਿਸਾਨਾਂ ਨੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਚੋਣਾਂ ਲਈ ਨੁਮਾਇੰਦਿਆਂ ਨੇ ਕਾਗ਼ਜ਼ ਭਰਨੇ ਸਨ ਪਰ ਪ੍ਰਸ਼ਾਸਨ ਨੇ ਅੱਜ ਸਵੇਰੇ ਚੋਣਾਂ ਰੱਦ ਕਰ ਦਿੱਤੀਆਂ। ਇਸ ਮੌਕੇ ਬੀਕੇਯੂ ਸਿੱਧੂਪੁਰ ਦੇ ਬਲਰਾਜ ਸਿੰਘ, ਬੀਕੇਯੂ ਡਕੌਦਾ ਦੇ ਆਗੂ ਸੁਰਜੀਤ ਸਿੰਘ ਰੋਮਾਣਾ ਅਤੇ ਬੀਕੇਯੂ ਉਗਰਾਹਾਂ ਦੇ ਮੈਗਲ ਸਿੰਘ ਨੇ ਕਿਹਾ ਕਿ ਇਹ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਕਿਉਂਕਿ ਮੰਡੀ ਕਲਾਂ ਦੀ ਸੁਸਾਇਟੀ ਲੰਬੇ ਸਮੇਂ ਤੋਂ ਬਿਨਾਂ ਕਿਸੇ ਨੁਮਾਇੰਦੇ ਦੇ ਚਲ ਰਹੀ ਹੈ, ਜਿਸ ਕਾਰਨ ਕਿਸਾਨਾਂ ਨੂੰ ਸਮੇਂ ਸਿਰ ਖਾਦ ਨਹੀਂ ਮਿਲਦੀ ਅਤੇ ਕਮੇਟੀ ਨਾ ਹੋਣ ਕਾਰਨ ਕਿਸਾਨਾਂ ਦੀਆਂ ਨਵੀਆਂ ਕਾਪੀਆਂ ਵੀ ਨਹੀਂ ਬਣ ਰਹੀਆਂ। ਉਨ੍ਹਾਂ ਕਿਹਾ ਕਿ ਅੱਜ ਨਵੀਂ ਕਮੇਟੀ ਬਣਨੀ ਸੀ ਪਰ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ 10 ਅਕਤੂਬਰ ਤੋਂ ਪਹਿਲਾਂ ਚੋਣਾਂ ਨਾ ਕਰਵਾਈਆਂ ਗਈਆਂ ਤਾਂ 10 ਅਕਤੂਬਰ ਨੂੰ ਸਮੂਹ ਨਗਰ ਨਿਵਾਸੀਆਂ ਤੇ ਹਿੱਸੇਦਾਰਾ ਵੱਲੋਂ ਰਾਮਪੁਰਾ ਦਮਦਮਾ ਸਾਹਿਬ ਰੋਡ ਜਾਮ ਕੀਤਾ ਜਾਵੇਗਾ, ਜਿਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।