ਖੇਤਰੀ ਪ੍ਰਤੀਨਿਧ
ਬਰਨਾਲਾ, 15 ਮਈ
ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਵੱਖ-ਵੱਖ ਵਿਭਾਗਾਂ ’ਚ ਪਿਛਲੇ ਕਾਫੀ ਸਮੇਂ ਤੋਂ ਖਾਲੀ ਪਈਆਂ 26 ਹਜ਼ਾਰ ਦੇ ਕਰੀਬ ਅਸਾਮੀਆਂ ਭਰਨ ਲਈ ਸ਼ੁਰੂ ਕੀਤੀ ਕਾਰਵਾਈ ਉਦੋਂ ਵਿਵਾਦਾਂ ਦੇ ਘੇਰੇ ’ਚ ਆ ਗਈ ਜਦੋਂ ਪਤਾ ਲੱਗਾ ਕਿ ਭਰਤੀ ਪੂਰੇ ਤਨਖਾਹ ਸਕੇਲਾਂ ਤੇ ਸਹੂਲਤਾਂ ਦੀ ਬਜਾਏ ਉੱਕਾ ਪੱਕਾ ਤਨਖਾਹ ’ਤੇ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੁਮਾਰ ਮੱਲ੍ਹੀਆਂ ਤੇ ਜਨਰਲ ਸਕੱਤਰ ਕੁਸ਼ਲ ਸਿੰਘੀ ਨੇ ਕਿਹਾ ਕਿ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਪ੍ਰੈੱਸ ਕਾਨਫਰੰਸ ’ਚ ਇਹ ਸਪਸ਼ਟ ਕੀਤਾ ਸੀ ਕਿ ਇਹ ਅਸਾਮੀਆਂ ਪੱਕੇ ਤੌਰ ’ਤੇ ਪੂਰੇ ਤਨਖਾਹ ਸਕੇਲਾਂ ਤੇ ਸਹੂਲਤਾਂ ਸਣੇ ਭਰੀਆਂ ਜਾਣਗੀਆਂ ਪਰ ਹੁਣ ਪੰਜਾਬ ਪਬਲਿਕ ਸਰਵਿਸ ਕਮਿਸਨ ਵੱਲੋਂ ਵੱਖ-ਵੱਖ ਅਸਾਮੀਆਂ ਲਈ ਖੋਲ੍ਹੇ ਗਏ ਪੋਰਟਲਾਂ ’ਚ ਅਸਾਮੀਆਂ ਭਰਨ ਲਈ ਜਾਰੀ ਕੀਤੇ ਗਏ ਵੇਰਵਿਆਂ ’ਚ ਸਪਸ਼ਟ ਤੌਰ ’ਤੇ ਲਿਖਿਆ ਗਿਆ ਹੈ ਕਿ ਇਨ੍ਹਾਂ ਅਸਾਮੀਆਂ ’ਤੇ ਭਰਤੀ ਹੋਣ ਵਾਲੇ ਕਰਮਚਾਰੀਆਂ ਨੂੰ 15 ਜਨਵਰੀ 2015 ਦੇ ਪੱਤਰ ਮੁਤਾਬਿਕ ਤਨਖਾਹ ਸਾਲ ਲਈ ਉੱਕਾ-ਪੁੱਕਾ ਹੀ ਦਿੱਤੀ ਜਾਵੇਗੀ। ਆਗੂਆਂ ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਚੋਣ ਮੈਨੀਫੈਸਟੋ ’ਚ ਕੀਤਾ ਗਿਆ ਚੋਣ ਵਾਅਦਾ ਤੁਰੰਤ ਪੂਰਾ ਕੀਤਾ ਜਾਵੇ। ਇਸ ਮੌਕੇ ਅਮਰੀਕ ਸਿੰਘ ਭੱਦਲਵੱਡ, ਤਜਿੰਦਰ ਸਿੰਘ ਤੇਜੀ, ਏਕਮਪ੍ਰੀਤ ਸਿੰਘ ਭੋਤਨਾ, ਜਗਤਾਰ ਸਿੰਘ ਪੱਤੀ, ਮਨਜੀਤ ਸਿੰਘ ਬਖਤਗੜ, ਚਮਕੌਰ ਸਿੰਘ, ਸਤੀਸ਼ ਕੁਮਾਰ ਸਹਿਜੜਾ ਵੀ ਹਾਜ਼ਰ ਸਨ।