ਖੇਤਰੀ ਪ੍ਰਤੀਨਿਧ
ਬਰਨਾਲਾ, 3 ਜੁਲਾਈ
ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਦੇ ਰਾਸ਼ਟਰੀ ਪ੍ਰਧਾਨ ਸੰਤ ਸਤਵਿੰਦਰ ਜੀਤ ਸਿੰਘ ਹੀਰਾ ਨੇ ਇੱਥੇ ਸ੍ਰੀ ਗੁਰੂ ਰਵੀਦਾਸ ਗੁਰਦੁਆਰਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕੁੱਝ ਸ਼ਰਾਰਤੀ ਅਨਸਾਰ ਗੁਰੂ ਰਵੀਦਾਸ ਦੇ ਨਾਂ ’ਤੇ ਪਿੰਡ ਖੁਰਾਲੀ (ਹੁਸ਼ਿਆਰਪੁਰ) ਵਿੱਚ ਜਬਰਦਸਤੀ ਨਿੱਜੀ ਥਾਂ ’ਚ ਕਥਿਤ ਤੌਰ ’ਤੇ ਜਬਰੀ ਗੁਰੂਘਰ ਉਸਾਰੀ ਦੀ ਕੋਸ਼ਿਸ਼ ’ਚ ਹਨ।
ਉਨ੍ਹਾਂ ਦੱਸਿਆ ਕਿ ਗੜਸ਼ੰਕਰ ਤਹਿਸੀਲ ਦੇ ਇਸ ਪਿੰਡ ਦੀ ਖਸਰਾ ਨੰਬਰ 364 ਵਿੱਚ 113 ਕਨਾਲ ਦੇ ਕਰੀਬ ਸਾਂਝਾ ਮੁਸਤਰਕਾ ਜ਼ਮੀਨ ਪੂਨਮ ਹੀਰਾ, ਅਸ਼ਵਨੀ ਕੁਮਾਰ, ਚਨਣ ਕੌਰ, ਰਾਮ ਆਸਰਾ, ਰਤਨ ਚੰਦ, ਵਿਜੈ ਕੁਮਾਰ, ਮੋਨਿਕਾ ਹੀਰਾ, ਨਾਨਕ ਸਿੰਘ, ਬਲਜੀਤ ਕੌਰ ਤੇ ਸਰਬਜੀਤ ਕੌਰ ਬਗੈਰਾ ਦੇ ਨਾਂ ਹੈ, ਜਿਸ ’ਤੇ ਜਬਰੀ ਉਸਾਰੀ ਦੀ ਕੋਸ਼ਿਸ਼ ਹੋ ਰਹੀ ਹੈ। ਉਨ੍ਹਾਂ ਤਾੜਨਾ ਕੀਤੀ ਕਿ ਸ਼ਰਾਰਤੀ ਅਨਸਰਾਂ ਦੇ ਦੋਖੀ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਪ੍ਰਸ਼ਾਸਨ ਤੋਂ ਫੌਰੀ ਦਖਲ ਦੇ ਕੇ ਅਜਿਹੀਆਂ ਕੋਝੀਆਂ ਚਾਲਾਂ ਚੱਲਣ ਵਾਲੇ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਸੂਬੇ ਦੇ ਮਾਹੌਲ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਮੰਗ ਕੀਤੀ ਗਈ।