ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 25 ਜੂਨ
ਕਸਬੇ ਦੇ ਬੱਸ ਸਟੈਂਡ ਉੱਪਰ ਬਣ ਰਹੇ ਫਲਾਈਓਵਰ ਦਾ ਵਿਰੋਧ ਕਰ ਰਹੇ ਦੁਕਾਨਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ। ਜ਼ਿਕਰਯੋਗ ਹੈ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਕਾਫਲੇ ਨਾਲ ਪਿੰਡ ਬਾਦਲ ਤੋਂ ਖਰੜ ਨੂੰ ਜਾਂਦੇ ਹੋਏ ਕੁਝ ਕੁ ਮਿੰਟਾਂ ਲਈ ਕਸਬਾ ਭਾਈਰੂਪਾ ਦੇ ਬੱਸ ਸਟੈਂਡ ’ਤੇ ਰੁਕੇ ਜਿੱਥੇ ਉਨ੍ਹਾਂ ਸੜਕ ਉਪਰ ਬਣ ਰਹੇ ਫਲਾਈਓਵਰ ਕਾਰਨ ਆਉਣ ਵਾਲੀਆਂ ਸਮੱਸਿਆਵਾਂ ਸਬੰਧੀ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ।
ਦੁਕਾਨਦਾਰਾਂ ਨੇ ਸ੍ਰੀ ਬਾਦਲ ਨੂੰ ਦੱਸਿਆ ਕਿ ਸ੍ਰੀ ਅੰਮ੍ਰਿਤਸਰ ਤੋਂ ਤਲਵੰਡੀ ਸਾਬੋ ਵਾਇਆ ਰਾਮਪੁਰਾ ਫੂਲ ਬਣਾਏ ਜਾ ਰਹੇ ਐੱਨਐੱਚ 254 ਰੋਡ ਉੱਪਰ ਕਸਬਾ ਭਾਈਰੂਪਾ ਦੇ ਬੱਸ ਅੱਡੇ ’ਤੇ ਤਕਰੀਬਨ 1 ਕਿਲੋਮੀਟਰ ਲੰਬਾ ਫਲਾਈਓਵਰ ਜੋ ਮਿੱਟੀ ਨਾਲ ਭਰ ਕੇ ਬਣਾਇਆ ਜਾ ਰਿਹਾ ਹੈ। ਇਸ ਦੇ ਬਣਨ ਨਾਲ ਦੁਕਾਨਦਾਰਾਂ ਅਤੇ ਲੋਕਾਂ ਵਿਚਕਾਰ ਸੰਪਰਕ ਟੁੱਟ ਜਾਵੇਗਾ ਤੇ ਉਨ੍ਹਾਂ ਦਾ ਕੰਮ ਪੂਰੀ ਤਰ੍ਹਾਂ ਨਾਲ ਠੱਪ ਹੋ ਜਾਵੇਗਾ। ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁਕਾਨਦਾਰਾਂ ਅਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਅਧਿਕਾਰੀਆਂ ਨਾਲ ਗੱਲ ਕਰਨਗੇ ਤਾਂ ਜੋ ਇਹ ਫਲਾਈਓਵਰ ਪਿੱਲਰਾਂ ਉੱਪਰ ਬਣਾਇਆ ਜਾਵੇ।