ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 17 ਜੁਲਾਈ
ਨਿਹਾਲ ਸਿੰਘ ਵਾਲਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ (ਬੀਡੀਪੀਓ) ਵੱਲੋਂ ਸ਼ਹਿਰ ਵਿੱਚ ਨਵੀਂਆਂ ਦੁਕਾਨਾਂ ਅਲਾਟ ਕਰਨ ਦੇ ਵਿਰੋਧ ਵਿੱਚ ਸ਼ਹਿਰ ਵਾਸੀ ਬੀਡੀਪੀਓ ਨੂੰ ਮੰਗ ਪੱਤਰ ਦੇਣ ਗਏ ਸਨ। ਸ਼ਹਿਰੀਆਂ ਨੇ ਉਨ੍ਹਾਂ ਦੀ ਗੱਲ ਨਾ ਸੁਣਨ ਅਤੇ ਅਪਮਾਨਜਨਕ ਸ਼ਬਦ ਬੋਲਣ ਦਾ ਦੋਸ਼ ਲਗਾਉਂਦਿਆਂ ਦਫ਼ਤਰ ਵਿੱਚ ਧਰਨਾ ਲਗਾਉਂਦਿਆਂ ਮਹਿਲਾ ਅਧਿਕਾਰੀ ਅਤੇ ਸੂਬਾ ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਸਮੇਂ ਬੁਲਾਰਿਆਂ ਨੇ ਕਿਹਾ ਕਿ ਸ਼ਹਿਰ ਦੀ ਇੱਕੋ ਇੱਕ ਪਾਰਕ ਵਾਲੀ ਇਹ ਜਗ੍ਹਾ ਸਾਡੇ ਪੁਰਖਿਆਂ ਦੀ ਦਾਨ ਕੀਤੀ ਹੋਈ ਹੈ। ਇਸ ਨਾਲ ਉਨ੍ਹਾਂ ਦੀ ਭਾਵਨਾਤਮਿਕ ਸਾਂਝ ਜੁੜੀ ਹੋਈ ਹੈ ਅਤੇ ਲੋਕਾਂ ਲਈ ਸੈਰਗਾਹ ਹੈ। ਉਹ ਕਿਸੇ ਵੀ ਹਾਲਤ ਵਿੱਚ ਪਾਰਕ ਦਾ ਉਜਾੜਾ ਨਹੀਂ ਹੋਣ ਦੇਣਗੇ। ਪਾਕਰ ਅਤੇ ਪੁਰਾਣੀ ਦਾਣਾ ਮੰਡੀ ਵਿੱਚ ਨਵੀਂਆਂ ਦੁਕਾਨਾਂ ਨਹੀਂ ਬਣਨ ਦਿੱਤੀਆਂ ਜਾਣਗੀਆਂ। ਇੰਦਰਜੀਤ ਜੌਲੀ ਗਰਗ, ਮੰਗਤ ਰਾਏ ਅਤੇ ਪਵਨ ਬੰਟੀ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਦੱਸਿਆ ਕਿ ਜਦੋਂ ਬੀਡੀਪੀਓ ਨੂੰ ਮੰਗ ਪੱਤਰ ਦੇਣ ਗਏ ਤਾਂ ਉਨ੍ਹਾਂ ਸਾਡੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨਾਲ ਅਪਮਾਨਜਨਕ ਰਵੱਈਆ ਅਪਣਾਇਆ ਅਤੇ ਦਫ਼ਤਰ ਵਿੱਚੋਂ ਬਾਹਰ ਚਲੇ ਜਾਣ ਲਈ ਆਖਿਆ। ਬੀਡੀਪੀਓ ਰੁਪਿੰਦਰਜੀਤ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਨਾਜਾਇਜ਼ ਕਬਜ਼ੇ ਛਡਵਾਉਣ ਦੀ ਮੁਹਿੰਮ ਤਹਿਤ ਇੱਥੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ। ਇਹ ਪੰਚਾਇਤ ਸਮਿਤੀ ਦੀ ਕਾਨੂੰਨੀ ਤੌਰ ’ਤੇ ਆਪਣੀ ਥਾਂ ਹੈ। ਉਨ੍ਹਾਂ ਧਰਨਾਕਾਰੀਆਂ ਤੇ ਉਨ੍ਹਾਂ ਦੀ ਗੱਡੀ ’ਤੇ ਰੋੜੇ ਮਾਰਨ ਦੇ ਦੋਸ਼ ਵੀ ਲਗਾਏ।