ਜੋਗਿੰਦਰ ਸਿੰਘ ਮਾਨ
ਮਾਨਸਾ, 20 ਜੂਨ
ਇਥੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਖ਼ਿਲਾਫ਼ ਪਿੰਡ ਖਿਆਲਾ ਕਲਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਹ ਨਾਅਰੇਬਾਜ਼ੀ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂਆਂ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਨਾਜ਼ਰ ਸਿੰਘ ਮਾਨਸ਼ਾਹੀਆ 2017 ਵਿੱਚ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਚੋਣ ਲੜਕੇ ਵਿਧਾਇਕ ਬਣੇ ਸਨ, ਪਰ ਮਗਰੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ, ਜਿਸ ਦਾ ਪਿੰਡ ਦੇ ਕੁਝ ਲੋਕ ਇਤਰਾਜ਼ ਜਤਾ ਰਹੇ ਸਨ। ਜਾਣਕਾਰੀ ਮੁਤਾਬਿਕ ਕਿਸਾਨ ਜਥੇਬੰਦੀਆਂ ਵੱਲੋਂ ਇਹ ਨਾਅਰੇਬਾਜ਼ੀ ਸਿਆਸੀ ਆਗੂਆਂ ਦੇ ਪਿੰਡਾਂ ਵਿਚ ਆਉਣ ਦੀ ਮਨਾਹੀ ਕਾਰਨ ਕੀਤੀ ਗਈ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਮੁਤਾਬਿਤ ਵਿਧਾਇਕ ਨੂੰ ਪੰਚਾਇਤ ਵਲੋਂ ਪਿੰਡ ਵਿੱਚ ਬੁਲਾਇਆ ਗਿਆ ਸੀ, ਪਰ ਪਿੰਡ ਵਿੱਚ ਵਿਧਾਇਕ ਖਿਲਾਫ਼ ਕੀਤੀ ਗਈ ਨਾਅਰੇਬਾਜ਼ੀ ਦੌਰਾਨ ਕੋਈ ਵੀ ਕਾਂਗਰਸੀ ਵਰਕਰ ਜਾਂ ਕੋਈ ਹੋਰ ਵਿਅਕਤੀ ਜਥੇਬੰਦਕ ਆਗੂਆਂ ਨੂੰ ਰੋਕਣ ਲਈ ਸਾਹਮਣੇ ਨਹੀਂ ਆਇਆ। ਇਸੇ ਦੌਰਾਨ ਪਿੰਡ ਖਿਆਲਾ ਕਲਾਂ ਵਿੱਚ ਸ੍ਰੀ ਮਾਨਸ਼ਾਹੀਆਂ ਨੇ ਪਖਾਨਾ ਬਲਾਕ ਅਤੇ ਨਵੀਆਂ ਬਣਾਈਆਂ ਇੰਟਰਲੌਕ ਟਾਈਲਾਂ ਵਾਲੀਆਂ ਗਲੀਆਂ ਦਾ ਉਦਘਾਟਨ ਕੀਤਾ। ਇਸ ਮੌਕੇ ਬੀਡੀਪੀਓ ਸੁਖਵਿੰਦਰ ਸਿੰਘ ਅਤੇ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
ਮੈਨੂੰ ਵਿਕਾਸ ਕਾਰਜਾਂ ਲਈ ਬੁਲਾਇਆ ਸੀ: ਵਿਧਾਇਕ
ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਉਨ੍ਹਾਂ ਨੂੰ ਪੰਚਾਇਤ ਵੱਲੋਂ ਪਿੰਡ ਵਿੱਚ ਵਿਕਾਸ ਕਾਰਜਾਂ ਲਈ ਬੁਲਾਇਆ ਗਿਆ ਸੀ ਅਤੇ ਉਹ ਵਿਧਾਇਕ ਹੋਣ ਦੇ ਨਾਤੇ ਉਥੇ ਗਏ ਸਨ। ਜਿਥੇ ਕੁਝ ਲੋਕਾਂ ਨੇ ਉਨ੍ਹਾਂ ਦੇ ਆਉਣ ’ਤੇ ਇਤਰਾਜ਼ ਜਤਾਇਆ ਅਤੇ ਉਹ ਬਿਨਾਂ ਕਿਸੇ ਬਹਿਸਬਾਜ਼ੀ ਵਿੱਚ ਪੈਣ ਦੀ ਬਜਾਏ ਪਿੰਡ ਵਿਚੋਂ ਵਾਪਸ ਆ ਗਏ।