ਜਗਤਾਰ ਅਣਜਾਣ
ਮੌੜ ਮੰਡੀ, 13 ਜੂਨ
ਨਜ਼ਦੀਕੀ ਪਿੰਡ ਮਾਨਸਾ ਖੁਰਦ ‘ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਨਮੇਜਾ ਸਿੰਘ ਸੇਖੋਂ ਦੇ ਨਜ਼ਦੀਕੀ ਤੇ ਸਾਬਕਾ ਬਲਾਕ ਸਮਿਤੀ ਮੈਂਬਰ ਭੋਲਾ ਸਿੰਘ ਮਾਨ ‘ਤੇ ਉਸ ਦੇ ਵਿਰੋਧੀਆਂ ਵੱਲੋਂ ਨਿੱਜੀ ਰੰਜਿਸ਼ ਕਾਰਨ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਉਹ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ। ਅਕਾਲੀ ਆਗੂ ਦੇ ਵੱਖੀ ਅਤੇ ਪੈਰ ‘ਚ ਗੋਲ਼ੀਆਂ ਲੱਗੀਆਂ ਹਨ ਜਿਸ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਸਮਿਤੀ ਮੈਂਬਰ ਭੋਲਾ ਸਿੰਘ ਮਾਨ ਆਪਣੇ ਫਾਰਮ ਹਾਊਸ ਤੋਂ ਆਪਣੇ ਪਿੰਡ ਵਿਚਲੇ ਘਰ ਜਾ ਰਿਹਾ ਸੀ। ਸਿਵਲ ਹਸਪਤਾਲ ‘ਚ ਜ਼ੇਰੇ ਇਲਾਜ ਭੋਲਾ ਸਿੰਘ ਮਾਨ ਨੇ ਦੱਸਿਆ ਕਿ ਉਸ ਦੀ ਰਿਹਾਇਸ਼ ਭਾਵੇਂ ਬਠਿੰਡਾ ‘ਚ ਹੈ ਪਰ ਉਹ ਆਪਣੇ ਖੇਤ ਮਾਨਸਾ ਖੁਰਦ ’ਚ ਗੇੜਾ ਮਾਰਨ ਗਏ ਸਨ। ਜਦੋਂ ਉਹ ਆਪਣੇ ਖੇਤ ਤੋਂ ਕਾਰ ’ਤੇ ਪਿੰਡ ਵੱਲ ਆ ਰਹੇ ਸਨ ਤਾਂ ਉਸ ਦੇ ਵਿਰੋਧੀਆਂ ਨੇ ਮਿੱਥੀ ਹੋਈ ਯੋਜਨਾ ਨਾਲ ਕਾਰ ਅੱਗੇ ਟਰੈਕਟਰ ਟਰਾਲੀ ਲਗਾ ਕੇ ਰਿਵਾਲਵਰ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਵੱਖੀ ਤੇ ਪੈਰ ’ਤੇ ਗੋਲੀਆਂ ਲਗਣ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਹਮਲਾਵਰਾਂ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਮੌਜੂਦ ਲੋਕਾਂ ਨੇ ਥੋੜ੍ਹੀ ਦੂਰ ਜਾ ਕੇ ਉਨ੍ਹਾਂ ਨੂੰ ਦਬੋਚ ਲਿਆ। ਪੁਲੀਸ ਅਨੁਸਾਰ ਫਾਇਰਿੰਗ ਦੋਵਾਂ ਪਾਸਿਆਂ ਤੋਂ ਕੀਤੀ ਗਈ ਹੈ। ਥਾਣਾ ਬਾਲਿਆਂਵਾਲੀ ਦੇ ਮੁਖੀ ਮਨਜੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਪੜਤਾਲ ਕੀਤੀ ਜਾ ਰਹੀ, ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਰਵਾਈ ਕੀਤੀ ਜਾ ਰਹੀ ਹੈ।
ਪਸ਼ੂ ਵਪਾਰੀ ਦੀ ਸੜਕ ਹਾਦਸੇ ’ਚ ਮੌਤ
ਬਠਿੰਡਾ: ਬਠਿੰਡਾ ’ਚ ਅਣਪਛਾਤੇ ਵਾਹਨ ਨੇ ਮੱਝਾਂ ਦੇ ਵਪਾਰੀ ਨੂੰ ਟੱਕਰ ਮਾਰ ਦਿੱਤੀ, ਜਿਸ ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ। ਬਠਿੰਡਾ ਦੇ ਭਾਗੂ ਰੋਡ ’ਤੇ ਇਹ ਵਪਾਰੀ ਬੇਹੋਸ਼ੀ ਹਾਲਤ ਵਿੱਚ ਮਿਲਿਆ ਸੀ, ਜਿਸ ਨੂੰ ਤੁਰੰਤ ਸਹਾਰਾ ਵੈੱਲਫੇਅਰ ਦੀ ਟੀਮ ਨੇ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਮੁਖ਼ਤਿਆਰ ਸਿੰਘ (88) ਪੁੱਤਰ ਜੋਰਾ ਸਿੰਘ ਵਾਸੀ ਸੰਗੂਆਣਾ ਬਸਤੀ ਵਜੋਂ ਹੋਈ ਹੈ। ਉਹ ਕਿਸੇ ਮੱਝ ਦਾ ਸੌਦਾ ਕਰਨ ਜਾ ਰਿਹਾ ਸੀ। -ਪੱਤਰ ਪ੍ਰੇਰਕ