ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਕਤੂਬਰ
ਸਿਹਤ ਮੁਲਾਜ਼ਮ ਤਾਲਮੇਲ ਕਮੇਟੀ ਦੇ ਵਫ਼ਦ ਵਲੋਂ ਸਿਵਲ ਸਰਜਨ ਮਾਨਸਾ ਨੂੰ ਮੰਗ ਪੱਤਰ ਸੌਂਪਿਆ ਗਿਆ। ਆਗੂਆਂ ਨੇ ਛੁੱਟੀ ਵਾਲੇ ਦਿਨਾਂ ਦੌਰਾਨ ਡਿਊਟੀਆਂ ਲਗਾਉਣ ਦਾ ਵਿਰੋਧ ਕੀਤਾ। ਮਸਲੇ ਦਾ ਹੱਲ ਨਾ ਨਿਕਲਦਾ ਵੇਖਦਿਆਂ ਤਾਲਮੇਲ ਕਮੇਟੀ ਨੇ ਛੁੱਟੀ ਵਾਲੇ ਦਿਨ ਸੈਂਪਲਿੰਗ ਅਤੇ ਟੀਕਾਕਰਨ ਡਿਊਟੀਆਂ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਕਮੇਟੀ ਆਗੂ ਕੇਵਲ ਸਿੰਘ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ ਡਿਊਟੀਆਂ ਨਾ ਲਗਾਉਣ ਸਬੰਧੀ ਜਥੇਬੰਦੀਆਂ ਨੇ ਬਲਾਕ ਪੱਧਰ ’ਤੇ ਐਸਐਮਓਜ਼ ਅਤੇ ਜ਼ਿਲ੍ਹਾ ਪੱਧਰ ਉਤੇ ਸਿਵਲ ਸਰਜਨ ਮਾਨਸਾ ਨੂੰ ਪਹਿਲਾਂ ਵੀ ਕਾਫ਼ੀ ਵਾਰ ਮੰਗ ਪੱਤਰ ਦਿੱਤਾ ਹੈ,ਪਰ ਉਚ ਅਧਿਕਾਰੀਆਂ ਵੱਲੋਂ ਡਿਊਟੀਆਂ ਜਿਉਂ ਦੀ ਤਿਉਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦਾ ਰੋਸ ਹੈ ਕਿ ਬਿਨਾਂ ਕਿਸੇ ਐਮਰਜੈਂਸੀ ਦੇ ਛੁੱਟੀ ਦਾ ਹੱਕ ਖੋਹਿਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਿਵਲ ਸਰਜਨ ਦਫ਼ਤਰ ਵੱਲੋਂ ਇਸ ਸਬੰਧੀ ਡਿਊਟੀ ਲਿਸਟਾਂ ਵਿੱਚ ਸੋਧ ਨਾ ਕੀਤੀ ਗਈ ਤਾਂ ਸਮੂਹ ਸਿਹਤ ਮੁਲਾਜ਼ਮ ਜਥੇਬੰਦੀਆਂ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠਣਗੀਆਂ।