ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 15 ਜੂਨ
ਭੁੱਟੀ ਵਾਲਾ ਦੇ ਖੇਤ ਮਜ਼ਦੂਰਾਂ ਵੱਲੋਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਘਰਾਂ ’ਚੋਂ ਪੁੱਟੇ ਹੋਏ ਮੀਟਰ ਵਾਪਸ ਲਵਾਉਣ ਲਈ ਅੱਜ ਸਰਾਏਨਾਗਾ ਬਿਜਲੀ ਦਫ਼ਤਰ ਵਿੱਚ ਐੱਸਡੀਓ ਕੋਲ ਫਾਈਲਾਂ ਜਮ੍ਹਾਂ ਕਰਵਾਈਆਂ ਗਈਆਂ। ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਜ਼ਿਲ੍ਹਾ ਆਗੂ ਬਾਜ ਸਿੰਘ ਭੁੱਟੀ ਵਾਲਾ ਨੇ ਦੱਸਿਆ ਕਿ ਪੰਜਾਬ ਵਿੱਚ ਬਣੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜ਼ਿਆਦਾ ਬਿੱਲ ਆਉਣ ਕਾਰਨ ਪੁੱਟੇ ਹੋਏ ਮੀਟਰ ਵਾਪਸ ਲਾਏ ਜਾਣਗੇ ਅਤੇ ਮਜ਼ਦੂਰਾਂ ਨੂੰ ਚਾਰ ਸੌ ਦੀ ਥਾਂ ਛੇ ਸੌ ਯੂਨਿਟ ਬਿਜਲੀ ਮੁਆਫ਼ ਕੀਤੀ ਜਾਵੇਗੀ ਪਰ ਮਜ਼ਦੂਰਾਂ ਦੇ ਮੀਟਰ ਵਾਪਸ ਨਹੀਂ ਲਾਏ ਜਾ ਰਹੇ। ਮਾਰਚ ਮਹੀਨੇ ਡਿਪਟੀ ਕਮਿਸ਼ਨਰ ਹਰਪ੍ਰੀਤ ਸੂਦਨ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਹੋਈ ਮੀਟਿੰਗ ਵਿਚ ਅਧਿਕਾਰੀਆਂ ਨੇ ਇੱਕ ਮਹੀਨੇ ਦੇ ਅੰਦਰ-ਅੰਦਰ ਮਜ਼ਦੂਰ ਘਰਾਂ ਦੇ ਮੀਟਰ ਵਾਪਸ ਲਾਉਣ ਦੀ ਗੱਲ ਮੰਨੀ ਸੀ ਪਰ ਅਜੇ ਤੱਕ ਮੀਟਰ ਵਾਪਸ ਨਹੀਂ ਲਾਏ ਗਏ। ਯੂਨੀਅਨ ਆਗੂਆਂ ਨੇ ਆਖਿਆ ਕਿ ਜੇਕਰ ਮੀਟਰ ਜਲਦੀ ਨਾ ਲਾਏ ਤਾਂ ਜਥੇਬੰਦੀ ਵਲੋਂ ਸ਼ੰਘਰਸ਼ ਕੀਤਾ ਜਾਵੇਗਾ।