ਪੱਤਰ ਪ੍ਰੇਰਕ
ਭੁੱਚੋ ਮੰਡੀ, 27 ਜੂਨ
ਪਾਵਰਕੌਮ ਦੇ ਅਧਿਕਾਰੀਆਂ ਦੀ ਅਣਦੇਖੀ ਦਾ ਸ਼ਿਕਾਰ ਹੋਏ ਸ਼ਹਿਰੀ ਬਿਜਲੀ ਮੀਟਰ ਬਕਸੇ ਲੋਕਾਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਸ਼ਹਿਰ ਦੇ ਵੱਡੀ ਗਿਣਤੀ ਵਿੱਚ ਮੀਟਰ ਬਕਸੇ ਖਸਤਾ ਹਾਲ ਵਿੱਚ ਹਨ ਅਤੇ ਹਰ ਸਮੇਂ ਖੁੱਲ੍ਹੇ ਰਹਿੰਦੇ ਹਨ। ਕਈ ਵੱਡੇ ਬਕਸਿਆਂ ਵਿੱਚ ਮੀਟਰ ਅਤੇ ਕਈ ਛੋਟੇ ਬਕਸੇ ਮੀਟਰਾਂ ਸਮੇਤ ਖੰਭਿਆਂ ਨਾਲ ਲਟਕੇ ਹੋਏ ਹਨ। ਇਹ ਬਕਸੇ ਜ਼ਮੀਨ ਦੇ ਨਜ਼ਦੀਕ ਹੋਣ ਕਾਰਨ ਕਿਸੇ ਵੇਲੇ ਵੀ ਬੱਚੇ ਅਤੇ ਲਾਵਾਰਸ ਪਸ਼ੂ ਕਰੰਟ ਦੀ ਲਪੇਟ ਵਿੱਚ ਆ ਸਕਦੇ ਹਨ। ਬਰਸਾਤੀ ਮੌਸਮ ਵਿੱਚ ਇਨ੍ਹਾਂ ਖੁੱਲ੍ਹੇ ਬਕਸਿਆਂ ਵਿੱਚ ਕਰੰਟ ਆਉਣ ਕਾਰਨ ਕੋਈ ਵੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸ ਤੋਂ ਪਹਿਲਾਂ ਕਈ ਬਕਸਿਆਂ ਨੂੰ ਅੱਗ ਲੱਗ ਵੀ ਚੁੱਕੀ ਹੈ। ਇਹ ਬਕਸੇ ਲੰਮੇ ਸਮੇਂ ਤੋਂ ਮਾੜੀ ਸਥਿਤੀ ਵਿੱਚ ਹਨ। ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਮਹਿਕਮੇ ਨੇ ਚੁੱਪ ਧਾਰੀ ਹੋਈ ਹੈ। ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਬਕਸਿਆਂ ਨੂੰ ਪਾਵਰਕੌਮ ਦੇ ਨਿਯਮਾਂ ਅਨੁਸਾਰ ਸੁਰੱਖਿਅਤ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਸ਼ਹਿਰ ਵਾਸੀਆਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਜਾਨਲੇਵਾ ਬਕਸਿਆਂ ਦੀ ਦਸ਼ਾ ਸੁਧਾਰ ਕੇ ਇਨ੍ਹਾਂ ਨੂੰ ਸਹੀ ਢੰਗ ਨਾਲ ਲਗਾਇਆ ਜਾਵੇ। ਇਸ ਸਬੰਧੀ ਸਬ ਡਿਵੀਜ਼ਨ ਭੁੱਚੋ ਕਲਾਂ ਦੇ ਜੇਈ ਅੰਕਿਤ ਕਾਂਸਲ ਨੇ ਕਿਹਾ,‘‘ਮੁਲਾਜ਼ਮ ਭੇਜ ਕੇ ਬਕਸਿਆਂ ਦੀ ਜਾਂਚ ਕਰਵਾ ਲੈਂਦੇ ਹਾਂ ਅਤੇ ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ।’’