ਲਖਵਿੰਦਰ ਸਿੰਘ
ਮਲੋਟ, 2 ਜੂਨ
ਸਿੱਖਿਆ ਵਿਭਾਗ ਵੱਲੋਂ ਦੇਸ਼ ਵਿਆਪੀ ਲੌਕਡਾਊਨ ਦੇ ਚਲਦਿਆਂ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਈ ਨਾਲ ਜੋੜਨ ਲਈ ਸ਼ੁਰੂ ਕੀਤੀ ਗਈ ਆਨਲਾਈਨ ਪੜ੍ਹਾਈ ਗ਼ਰੀਬ ਮਾਪਿਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਈ ਹੈ। ਸਕੂਲ ਮੁਖੀਆਂ ਵੱਲੋਂ ਆਨਲਾਈਨ ਪੜ੍ਹਾਈ ਨੂੰ ਸਫ਼ਲਤਾ ਦੀ ਪਗਡੰਡੀ ਦੱਸਿਆ ਜਾ ਰਿਹਾ ਹੈ ਪਰ ਜ਼ਮੀਨੀ ਹਾਲਾਤ ਕੁਝ ਹੋਰ ਹਨ। ਇਸ ਸਬੰਧੀ ਨੇੜਲੇ ਪਿੰਡ ਈਨਾ ਖੇੜਾ ਦੇ ਮਜ਼ਦੂਰ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ। ਉਹ ਲੌਕਡਾਊਨ ਕਾਰਨ ਦੋ ਮਹੀਨਿਆਂ ਤੋਂ ਘਰ ਬੈਠੇ ਹਨ ਤੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਦੀ ਸੁਵਿਧਾ ਦੇਣ ਲਈ ਮਹਿੰਗੇ ਫੋਨ ਲੈ ਕੇ ਦੇਣ ਤੇ ਇੰਟਰਨੈੱਟ ਦਿਵਾਉਣ ਤੋਂ ਅਸਮਰਥ ਹਨ। ਮਜ਼ਦੂਰ ਮਾਪਿਆਂ ਗੁਰਵਿੰਦਰ ਸਿੰਘ ਤੇ ਮਨਜੀਤ ਕੌਰ ਨੇ ਆਖਿਆ ਕਿ ਜੇ ਸਰਕਾਰ ਤੇ ਸਿੱਖਿਆ ਵਿਭਾਗ ਵਿਦਿਆਰਥੀਆਂ ਦੀ ਪੜ੍ਹਾਈ ਲਈ ਸੱਚਮੁੱਚ ਫ਼ਿਕਰਮੰਦ ਹਨ ਤਾਂ ਵਿਦਿਆਰਥੀਆਂ ਨੂੰ ਮੁਫ਼ਤ ਫੋਨ ਤੇ ਇੰਟਰਨੈੱਟ ਦੀ ਸਹੂਲਤ ਦਿੱਤੀ ਜਾਵੇ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ ਨੇ ਕਿਹਾ ਕਿ ਸੱਤਾ ਹਾਸਲ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਫੋਨ ਦੇਣ ਦਾ ਵਾਅਦਾ ਕੀਤਾ ਸੀ ਜੋ ਵਫ਼ਾ ਨਹੀਂ ਹੋਇਆ। ਉਨ੍ਹਾਂ ਆਖਿਆ ਕਿ ਲੌਕਡਾਊਨ ਕਾਰਨ ਰੋਟੀ ਤੋਂ ਵੀ ਭੁੱਖੇ ਬੈਠੇ ਗ਼ਰੀਬ ਮਾਪੇ ਪਹਿਲਾਂ ਹੀ ਤਣਾਅਗ੍ਰਸਤ ਹਨ ਹੁਣ ਬੱਚਿਆਂ ਦੀ ਪੜ੍ਹਾਈ ਦਾ ਵੱਖਰਾ ਬੋਝ ਉਨ੍ਹਾਂ ਉੱਪਰ ਪੈ ਗਿਆ ਹੈ। ਸ੍ਰੀ ਸਾਉਂਕੇ ਨੇ ਆਖਿਆ ਕਿ ਬੱਚਿਆਂ ਦੇ ਉਨ੍ਹਾਂ ਦੇ ਮਾਪਿਆਂ ਦੇ ਤਣਾਅਗ੍ਰਸਤ ਹੋਣ ਦੀ ਜ਼ਿੰਮੇਵਾਰ ਸਰਕਾਰ ਹੈ। ਉਨ੍ਹਾਂ ਆਖਿਆ ਕਿ ਇਸ ਔਖੇ ਵੇਲੇ ਸਰਕਾਰ ਨੇ ਮਜ਼ਦੂਰਾਂ ਅਤੇ ਹੋਰ ਗ਼ਰੀਬ ਪਰਿਵਾਰਾਂ ਦਾ ਮਦਦ ਤਾਂ ਕੀ ਕਰਨੀ ਸੀ ਸਗੋਂ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਫੁਰਮਾਨ ਜਾਰੀ ਕੀਤਾ ਜਾ ਰਹੇ ਹਨ।