ਪੱਤਰ ਪ੍ਰੇਰਕ
ਮਹਿਲ ਕਲਾਂ, 28 ਅਕਤੂਬਰ
ਆਮ ਆਦਮੀ ਪਾਰਟੀ ਵਿੱਚ 2018 ਦੌਰਾਨ ਪਈਆਂ ਅੰਦਰੂਨੀ ਤਰੇੜਾਂ ਦੌਰਾਨ ਮਹਿਲ ਕਲਾਂ ਪਹੁੰਚੇ ਭਗਵੰਤ ਮਾਨ ਦਾ ਕਾਫਲਾ ਰੋਕ ਕੇ ‘ਆਪ’ ਵਰਕਰਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਸੀ ਜਿਸ ਤੋਂ ਬਾਅਦ ਭਗਵੰਤ ਮਾਨ ਦੇ ਸੁਰੱਖਿਆ ਕਰਮਚਾਰੀ ਵੱਲੋਂ ‘ਆਪ’ ਵਰਕਰਾਂ ਖਿਲਾਫ ਪੁਲੀਸ ਕੇਸ ਦਰਜ ਕਰਵਾਇਆ ਗਿਆ ਸੀ ਜਿਸ ਵਿੱਚ ਅਦਾਲਤ ਨੇ ਇੱਕ ਸਾਲ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਭਗਵੰਤ ਮਾਨ ‘ਆਪ’ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਸਸਕਾਰ ਵਿੱਚ ਸ਼ਾਮਲ ਹੋਣ ਲਈ ਮਹਿਲ ਕਲਾਂ ਖੇਤਰ ਵਿੱਚ ਆਏ ਸਨ।
ਭਗਵੰਤ ਮਾਨ ਦੇ ਸੁਰੱਖਿਆ ਕਰਮਚਾਰੀ ਵੱਲੋਂ ਉਸ ਸਮੇਂ ਦੇ ਸਰਗਰਮ ‘ਆਪ’ ਵਰਕਰ ਗਗਨ ਸਰਾਂ ਕੁਰੜ, ਸਾਬਕਾ ਸਰਪੰਚ ਨਿਰਮਲ ਸਿੰਘ ਛੀਨੀਵਾਲ, ਪਰਗਟ ਸਿੰਘ ਮਹਿਲ ਖੁਰਦ, ਕਰਮਜੀਤ ਸਿੰਘ ਉੱਪਲ, ਅਮਨਦੀਪ ਸਿੰਘ ਟੱਲੇਵਾਲ ਖਿਲਾਫ ਕੇਸ ਦਰਜ ਕਰਵਾਇਆ ਗਿਆ ਸੀ ਜਿਸ ਤਹਿਤ ਅਦਾਲਤ ਵੱਲੋਂ ਸਜ਼ਾ ਤੇ ਜੁਰਮਾਨਾ ਸੁਣਾਇਆ ਗਿਆ ਹੈ। ਉਕਤ ਵਿਅਕਤੀਆਂ ਨੂੰ ਮੌਕੇ ’ਤੇ ਹੀ ਜ਼ਮਾਨਤ ਦੇ ਦਿੱਤੀ ਗਈ ਹੈ। ਇਸ ਸਬੰਧੀ ਗਗਨ ਸਰਾਂ ਕੁਰੜ ਨੇ ਕਿਹਾ ਕਿ ਉਹ ਸੈਸ਼ਨ ਅਦਾਲਤ ਵਿੱਚ ਅਪੀਲ ਕਰਨਗੇ। ਇਸ ਕੇਸ ਦੀ ਸੁਣਵਾਈ ਦੌਰਾਨ ਕਈ ਵਾਰ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਦੀ ਗੱਲ ਤੁਰੀ ਪਰ ਕਿਸੇ ਕਾਰਨ ਸਮਝੌਤਾ ਨੇਪਰੇ ਨਹੀਂ ਚੜ੍ਹ ਸਕਿਆ ਸੀ।