ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 30 ਜਨਵਰੀ
ਇੱਥੋਂ ਦੇ ਧਰਮਕੋਟ ਚੌਕ ’ਚ ਰੰਜਿਸ਼ ਕਾਰਨ ਨੌਜਵਾਨਾਂ ਦੇ ਦੋ ਗਰੁੱਪਾਂ ਵਿੱਚ ਹੋਈ ਲੜਾਈ ਦੌਰਾਨ ਇਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਦੇ ਪਲਤਾ ਟਾਇਰ ਸਟੋਰ ਤੋਂ ਟੈਕਸੀ ਯੂਨੀਅਨ ਵਾਲੇ ਗੱਡੀਆਂ ਦੇ ਟਾਇਰ ਅਤੇ ਹੋਰ ਸਾਮਾਨ ਦੀ ਖਰੀਦ ਕਰਦੇ ਸਨ। ਲੰਘੇ ਦਿਨੀਂ ਇਕ ਟੈਕਸੀ ਚਾਲਕ ਗੁਰਪ੍ਰਤਾਪ ਸਿੰਘ ਦੀ ਉਕਤ ਦੁਕਾਨਦਾਰ ਨਾਲ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਕਹਾ ਸੁਣੀ ਹੋ ਗਈ ਸੀ। ਉਕਤ ਟੈਕਸੀ ਚਾਲਕ ਨੇ ਸਾਰਾ ਮਾਮਲਾ ਟੈਕਸੀ ਯੂਨੀਅਨ ਫਤਿਹਗੜ੍ਹ ਪੰਜਤੂਰ ਦੇ ਧਿਆਨ ਵਿੱਚ ਲਿਆਂਦਾ ਸੀ, ਜਿਸ ਕਾਰਨ ਇੱਕ ਟੈਕਸੀ ਚਾਲਕ ਜਸਬੀਰ ਸਿੰਘ ਨੇ ਗਰੁੱਪ ਵਿੱਚ ਉਕਤ ਦੁਕਾਨਦਾਰ ਤੋਂ ਮਾਲ ਨਾ ਖ਼ਰੀਦਣ ਦੀ ਪੋਸਟ ਪਾ ਦਿੱਤੀ ਸੀ, ਜਿਸ ਨੂੰ ਲੈ ਕੇ ਟੈਕਸੀ ਚਾਲਕ ਅਤੇ ਪਲਤਾ ਟਾਇਰ ਵਿਚਾਲੇ ਵਿਵਾਦ ਖੜ੍ਹਾ ਹੋ ਗਿਆ। ਅੱਜ ਪਲਤਾ ਟਾਇਰ ਸਟੋਰ ਦੇ ਮਾਲਕ ਲਗਪਗ ਛੇ ਗੱਡੀਆਂ ਵਿੱਚ ਸਵਾਰ ਹੋ ਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਨੂੰ ਨਾਲ ਲੈ ਕੇ ਇੱਥੋਂ ਦੀ ਟੈਕਸੀ ਯੂਨੀਅਨ ਆ ਪੁੱਜੇ ਅਤੇ ਪੋਸਟ ਪਾਉਣ ਵਾਲੇ ਟੈਕਸੀ ਚਾਲਕ ਜਸਬੀਰ ਸਿੰਘ ਨੂੰ ਮਾਰੂ ਹਥਿਆਰਾਂ ਨਾਲ ਜ਼ਖ਼ਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਪੁਲੀਸ ਨੇ ਹਮਲਾਵਰਾਂ ਵਿੱਚੋਂ ਤਿੰਨ ਨੌਜਵਾਨਾਂ ਅਤੇ ਦੋ ਗੱਡੀਆਂ ਕਾਰ ਨੂੰ ਹਿਰਾਸਤ ਵਿੱਚ ਲੈ ਲਿਆ।