ਪੱਤਰ ਪ੍ਰੇਰਕ
ਜੈਤੋ, 2 ਅਕਤੂਬਰ
‘ਉੱਪਰ’ ਤੋਂ ‘ਹੇਠਾਂ’ ਤੱਕ ਸੰਤਰੇ ਦੀਆਂ ਫਾੜੀਆਂ ਵਾਂਗ ਖਿੱਲਰੇ ਕਾਂਗਰਸੀ ਆਗੂਆਂ ਵੱਲੋਂ ਅੱਜ ਇਥੇ ਬਠਿੰਡਾ ਰੋਡ ਦੀ ਪੁਨਰ ਉਸਾਰੀ ਲਈ ਦੋ ਥਾਈਂ ‘ਸ਼ੁਰੂਆਤ’ ਕੀਤੀ ਗਈ। ਇਸ ਕਵਾਇਦ ਤੋਂ ਜਿੱਥੇ ਕਾਂਗਰਸ ਵਿਰੋਧੀ ਸਿਆਸੀ ਖੇਮੇ ਮੁਸ਼ਕੜੀਏ ਹੱਸਦੇ ਰਹੇ, ਉਥੇ ਲੋਕਾਂ ’ਚ ਵੀ ਵਿਸ਼ੇਸ਼ ਚਰਚਾ ਬਣ ਗਈ।
ਜ਼ਿਕਰਯੋਗ ਹੈ ਕਿ 10 ਜੂਨ 2020 ਨੂੰ ਸ਼ਹਿਰ ਵਿੱਚੋਂ ਲੰਘਦੀ ਬਠਿੰਡਾ ਰੋਡ ਦੇ 1045 ਮੀਟਰ ਦੇ ਟੋਟੇ ਨੂੰ ਪੁੱਟ ਕੇ, ਸੀਵਰੇਜ ਲਾਈਨ ਵਿਛਾਉਣ ਦਾ ਕੰਮ ਸ਼ੁਰੂ ਹੋਇਆ ਸੀ। ਇਹ ਮਾਮੂਲੀ ਕੰਮ ਕੱਛੂ ਦੀ ਚਾਲ ਚੱਲਿਆ ਅਤੇ ਲੋਕ ਖੁਆਰੀ ਝੱਲਦੇ ਰਹੇ। ਆਖ਼ਰ ਕੰਮ ਨਿਪਟਾ ਕੇ ਸੜਕ ਬਣਾਉਣ ਦੀ ਵਾਰੀ ਆਈ ਤਾਂ ‘ਪੈੜਾ’ ਫਿਰ ਢਿੱਲਾ ਪੈ ਗਿਆ। ਦੱਸ ਦੇਈਏ ਕਿ ਡੇਢ ਸਾਲ ਦਰਮਿਆਨ ਕੰਮ ਕਰਨ ਵਾਲੀਆਂ ਕਈ ਕੰਪਨੀਆਂ ਹਾਜ਼ਰੀ ਲੁਆ ਗਈਆਂ। ਸੂਤਰਾਂ ਮੁਤਾਬਿਕ ਵਕਤ ਸਿਰ ਅਦਾਇਗੀ ਨਾ ਹੋਣ ਕਰਕੇ ਕੰਮ ਲਟਕਿਆ।
ਚੋਣਾਂ ਨੇੜੇ ਆਈਆਂ ਤਾਂ ਲੋਕ ਨੇਤਾਵਾਂ ਨੂੰ ਸੁਆਲ ਕਰਨ ਲੱਗੇ। ਪਿਛਲੇ ਦਿਨੀਂ ਸੜਕ ਉਸਾਰੀ ਦੇ ਟੈਂਡਰ ਸਿਰੇ ਲੱਗ ਗਏ ਪਰ ਸੀਵਰੇਜ ਦੀ ਨਵੀਂ ਲਾਈਨ ਦੇ ਕੁਨੈਕਸ਼ਨ ਨਾ ਹੋਣ ਕਰਕੇ ਮਾਮਲਾ ਲੇਟ-ਲਤੀਫ਼ੀ ਦਾ ਸ਼ਿਕਾਰ ਹੋ ਗਿਆ। ਅਖੀਰ ਅੱਜ ਇਸ ਦੀ ‘ਸ਼ੁਭ ਆਗ਼ਾਜ਼’ ਹੋਇਆ। ਲੋਕ ਸਭਾ ਮੈਂਬਰ ਮੁਹੰਮਦ ਸਦੀਕ ਨੇ ਪੀਡਬਲਿਊਡੀ ਦੇ ਅਧਿਕਾਰੀਆਂ ਦੀ ਮੌਜੂਦਗੀ ’ਚ ਰਸਮੀ ਉਦਘਾਟਨ ਕੀਤਾ। ਦੱਸਿਆ ਗਿਆ ਕਿ ਇਸ ਕੰਮ ’ਤੇ 69.33 ਲੱਖ ਖ਼ਰਚੇ ਜਾਣਗੇ ਅਤੇ ਕੰਮ ਛੇਤੀ ਮੁਕੰਮਲ ਹੋਵੇਗਾ। ਉਨ੍ਹਾਂ ਨਾਲ ਸੂਰਜ ਭਾਰਦਵਾਜ, ਸਿਕੰਦਰ ਸਿੰਘ ਮੜ੍ਹਾਕ, ਰਾਜਦੀਪ ਔਲਖ, ਰਾਜਾ ਭਾਰਦਵਾਜ, ਸੱਤਪਾਲ ਡੋਡ ਆਦਿ ਮੁਕਾਮੀ ਆਗੂ ਹਾਜ਼ਰ ਸਨ।
ਇਸ ਤੋਂ ਪਹਿਲਾਂ ਨਗਰ ਕੌਂਸਲ ਜੈਤੋ ਦੇ ਪ੍ਰਧਾਨ ਸੁਰਜੀਤ ਸਿੰਘ ਬਾਬਾ ਨੇ ਸਵੇਰ ਸਾਰ ਇਸੇ ਕੰਮ ਦੀ ਸ਼ੁਰੂਆਤ ਆਪਣੇ ਤੌਰ ’ਤੇ ਕਰਵਾਈ। ਉਨ੍ਹਾਂ ਦਾਅਵਾ ਕੀਤਾ ਕਿ ਸੜਕ ਜਲਦੀ ਬਣੇਗੀ ਅਤੇ ਲੋਕਾਂ ਨੂੰ ਦਰਪੇਸ਼ ਆ ਰਹੀ ਮੁਸ਼ਕਿਲ ਦਾ ਖਾਤਮਾ ਹੋਵੇਗਾ। ਸ੍ਰੀ ਬਾਬਾ ਨਾਲ ਨਗਰ ਕੌਂਸਲ ਦੇ ਮੀਤ ਪ੍ਰਧਾਨ ਜਤਿੰਦਰ ਕੁਮਾਰ (ਜੀਤੂ ਬਾਂਸਲ), ਕੌਂਸਲਰ ਤੁਲਸੀ ਰਾਮ ਬਾਂਸਲ, ਮਾਰਕੀਟ ਸੁਧਾਰ ਕਮੇਟੀ ਦੇ ਪ੍ਰਧਾਨ ਰਾਕੇਸ਼ ਕੁਮਾਰ ਘੋਚਾ ਆਦਿ ਪਤਵੰਤੇ ਮੌਜੂਦ ਸਨ।