ਸ੍ਰੀ ਮੁਕਤਸਰ ਸਾਹਿਬ: ਲਾਗਲੇ ਪਿੰਡ ਬਰਕੰਦੀ ਦੇ ਨੇੜੇ ਤੂੜੀ ਵਾਲੀ ਟਰਾਲੀ ਹੇਠ ਆਉਣ ਕਾਰਨ ਤੂੜੀ ਲੱਦਣ ਵਾਲੇ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ| ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਜ਼ਦੂਰ ਟਰਾਲੀ ਵਿੱਚ ਤੂੜੀ ਭਰ ਰਹੇ ਸਨ ਕਿ ਇਸ ਦੌਰਾਨ ਹਨੇਰੀ ਆ ਗਈ| ਉਹ ਟਰਾਲੀ ਦੀ ਓਟ ਲੈ ਕੇ ਬੈਠੇ ਸਨ ਕਿ ਹਨੇਰੀ ਕਾਰਨ ਤੂੜੀ ਦੀਆਂ ਤਰਪਾਲਾਂ ਉੱਡ ਗਈਆਂ ਅਤੇ ਟਰਾਲੀ ਪਲਟ ਗਈ| ਟਰਾਲੀ ਹੇਠ ਆਉਣ ਕਰਕੇ ਇਕ ਮਜ਼ਦੂਰ ਦੀ ਮੌਤ ਹੋ ਗਈ ਜਦੋਂਕਿ ਜ਼ਖ਼ਮੀ ਮਜ਼ਦੂਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ| ਥਾਣਾ ਸਦਰ ਪੁਲੀਸ ਦੇ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਾਸੀ ਮਾਨ ਸਿੰਘ ਵਾਲਾ ਵਜੋਂ ਹੋਈ ਹੈ| ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ| -ਨਿੱਜੀ ਪੱਤਰ ਪ੍ਰੇਰਕ