ਪੱਤਰ ਪ੍ਰੇਰਕ
ਦੋਦਾ, 19 ਅਪਰੈਲ
ਪਿੰਡ ਅਮਨਗੜ੍ਹ ਵਿੱਚ ਖਰਾਬ ਮੌਸਮ ਕਾਰਨ ਅਸਮਾਨੀ ਬਿਜਲੀ ਡਿੱਗਣ ਕਾਰਨ ਪੱਕੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ। ਸਰਪੰਚ ਕਾਲਾ ਸਿੰਘ, ਲਾਭ ਸਿੰਘ, ਬੰਤਾ ਸਿੰਘ, ਸੰਦੀਪ ਸਿੰਘ, ਸੁਰਜੀਤ ਸਿੰਘ, ਬੂਟਾ ਸਿੰਘ ਆਦਿ ਨੇ ਦੱਸਿਆ ਕਿ ਅਮਰ ਸਿੰਘ ਦੇ ਖੇਤ ਵਿਚ ਅਸਮਾਨੀ ਬਿਜਲੀ ਕਾਰਨ ਲੱਗੀ ਅੱਗ ਦਾ ਧੂੰਆਂ ਨਿਕਲਣ ਲੱਗਿਆ ਤਾਂ ਨਾਲ ਦੇ ਖੇਤ ਵਿਚ ਤੂੜੀ ਬਣਾ ਰਹੇ ਕਿਸਾਨਾਂ ਨੇ ਤੁਰੰਤ ਖੇਤ ਮਾਲਕ ਨੂੰ ਸੂਚਿਤ ਕੀਤਾ ਅਤੇ ਗੁਰੂਘਰ ਤੋਂ ਸਪੀਕਰ ਰਾਹੀਂ ਅੱਗ ਬੁਝਾਉਣ ਬਾਰੇ ਪਿੰਡ ਦੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਗਈ। ਕੁਝ ਹੀ ਮਿੰਟਾਂ ਵਿੱਚ ਦਰਜਨ ਤੋਂ ਵੱਧ ਟਰੈਕਟਰ ਅਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਕਿਸਾਨ ਮੌਕੇ ’ਤੇ ਪੁੱਜ ਗਏ। ਲੋਕਾਂ ਦੀ ਮਦਦ ਨਾਲ ਹੋਰ ਕਿਸਾਨਾਂ ਦੀ ਕਣਕ ਦੇ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਪੀੜਤ ਕਿਸਾਨ ਦੀ ਡੇਢ ਏਕੜ ਸੜ ਗਈ ਹੈ। ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।