ਪੱਤਰ ਪ੍ਰੇਰਕ
ਲੰਬੀ, 20 ਅਕਤੂਬਰ
ਦਸਮੇਸ਼ ਗਰਲਜ਼ ਕਾਲਜ, ਬਾਦਲ ਵਿਖੇ ਜ਼ੋਨਲ ਯੁਵਕ ਅਤੇ ਵਿਰਾਸਤੀ ਮੇਲੇ ਦੇ ਅੱਜ ਦੂਜੇ ਦਿਨ ਮਾਈਮ, ਇਕਾਂਗੀ ਨਾਟਕ, ਹਿਸਟਰੋਨਿਕਸ, ਮਮਿਕਰੀ, ਸਕਿੱਟ ਅਤੇ ਭੰਡ ਦੀ ਜ਼ਬਰਦਸਤ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਦਸਮੇਸ਼ ਗਰਲਜ਼ ਕਾਲਜ ਦਾ ਨਾਟਕ ਦੇਸ਼ ਦੀ ਵੰਡ ‘ਤੇ ਆਧਾਰਤ ‘ਅੰਨੀ ਮਾਈ ਦਾ ਸੁਫ਼ਨਾ’ (ਪਹਿਲਾ ਸਥਾਨ) ਅਤੇ ਡੀ.ਏ.ਵੀ ਕਾਲਜ ਅਬੋਹਰ ਦੇ ਨਾਟਕ ‘ਚੈੱਕ ਆਊਟ’ (ਦੂਜਾ ਸਥਾਨ) ਨੇ ਸਮਾਜ ਲਈ ਵੱਡੇ ਸੁਨੇਹੇ ਦਿੱਤੇ। ਅੱਜ ਵਿਰਾਸਤੀ ਮੇਲੇ ‘ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਰਨਾਲਾ ਸਰਬਜੀਤ ਸਿੰਘ ਤੂਰ, ਓ.ਐਸ.ਡੀ. ਸਿੰਡੀਕੇਟ ਮੈਂਬਰ ਬੀ.ਸੀ. ਜੋਸ਼ਨ, ਸਿੰਡੀਕੇਟ ਮੈਂਬਰ ਪ੍ਰਿੰਸੀਪਲ ਰੁਪਿੰਦਰ ਕੌਰ ਸੰਧੂ ਅਤੇ ਮੇਜ਼ਬਾਨ ਪ੍ਰਿੰਸੀਪਲ ਡਾ. ਐਸ.ਐਸ. ਸੰਘਾ ਅਤੇ ਪ੍ਰਿੰਸੀਪਲ ਵਨੀਤਾ ਮੌਜੂਦ ਸਨ। ਵਿਰਾਸਤੀ ਮੇਲੇ ਦੇ ਹੁਣ ਤੱਕ ਐਲਾਨੇ ਨਤੀਜਿਆਂ ’ਚ ਭੰਗੜੇ ’ਚ ਦਸਮੇਸ਼ ਖਾਲਸਾ ਕਾਲਜ ਮੁਕਤਸਰ ਨੂੰ ਪਹਿਲਾ, ਗੁਰੂ ਨਾਨਕ ਕਾਲਜ ਮੁਕਤਸਰ ਨੂੰ ਦੂਜਾ ਤੇ ਸਰਕਾਰੀ ਕਾਲਜ ਮੁਕਤਸਰ ਨੂੰ ਤੀਸਰਾ ਸਥਾਨ ਮਿਲਿਆ। ਕਵਿਤਾ ਲੇਖਣ ‘ਚ ਕ੍ਰਮਵਾਰ ਡੀ.ਏ.ਵੀ. ਕਾਲਜ ਅਬੋਹਰ ਦੀ ਗੁਰਜੋਤ, ਗੋਪੀ ਚੰਦ ਆਰਿਆ ਕਾਲਜ ਅਬੋਹਰ ਦੀ ਚਾਹਤ ਅਤੇ ਸਰਕਾਰੀ ਕਾਲਜ ਮੁਕਤਸਰ ਦੀ ਹਰਪ੍ਰੀਤ ਕੌਰ ਜੇਤੂ ਰਹੀਆਂ। ਸਮੂਹ ਗਾਇਨ ਮੁਕਾਬਲੇ ‘ਚ ਕ੍ਰ੍ਰਮਵਾਰ ਡੀ.ਏ.ਵੀ. ਕਾਲਜ ਅਬੋਹਰ, ਜੀ.ਐਨ. ਕਾਲਜ ਅਬੋਹਰ ਅਤੇ ਬੀ.ਐੱਸ. ਕਾਲਜ ਕਾਲਾ ਟਿੱਬਾ ਜੇਤੂ ਰਹੇ। ਲੇਖ ਲੇਖਣ ‘ਚ ਕ੍ਰਮਵਾਰ ਐੱਨ.ਡੀ.ਸੀ ਕਾਲਜ ਚੋਵਾਰਾਂਵਾਲੀ ਨੂੰ ਡੀ.ਏ.ਵੀ ਕਾਲਜ ਅਬੋਹਰ ਅਤੇ ਐੱਮ.ਆਰ.ਐੱਸ ਕਾਲਜ ਮਲੋਟ ਜੇਤੂ ਰਹੇ।