ਪੱਤਰ ਪ੍ਰੇਰਕ
ਭੀਖੀ, 11 ਜੂਨ
ਪੰਜਾਬ ਦੇ ਗਾਇਕ ਮਰਹੂਮ ਸ਼ੁਭਦੀਪ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਨੇੜਲੇ ਪਿੰਡਾਂ ਵਿੱਚ ਉਸ ਦੇ ਪ੍ਰਸ਼ੰਸਕਾਂ ਵੱਲੋਂ ਸਿੱਧੂ ਦੀ ਯਾਦ ਵਿੱਚ ਬੂਟੇ ਲਗਾਏ ਗਏ। ਕਸਬਾ ਭੀਖੀ ਦੇ ਬੱਸ ਸਟੈਂਡ ਵਿੱਚ ਵੱਖ-ਵੱਖ ਥਾਵਾਂ ’ਤੇ ਤਪਦੀ ਗਰਮੀ ਵਿੱਚ ਮਰਹੂਮ ਸਿੱਧੂ ਦੀ ਯਾਦ ਵਿੱਚ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਜ਼ਿਕਰਯੋਗ ਹੈ ਕਿ ਬੀਤੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਅੱਜ ਉਨ੍ਹਾਂ ਦਾ 29ਵਾਂ ਜਨਮ ਦਿਨ ਸੀ। ਇਸ ਮੌਕੇ ਸੁਰਿੰਦਰ ਸਿੰਘ ਖਾਲਸਾ, ਕਮਲਦੀਪ ਸਿੰਘ ਸਮਾਓਂ, ਸੁਰੇਸ਼ ਭੀਖੀ, ਮਨੀਸ਼ ਜਿੰਦਲ, ਬੰਟੂ ਕੋਟੜਾ, ਬਲਰਾਜ ਆਦਿ ਮੌਜੂਦ ਸਨ।
ਬਠਿੰਡਾ (ਪੱਤਰ ਪ੍ਰੇਰਕ): ਮਸ਼ਹੂਰ ਪੰਜਾਬੀ ਗਾਇਕ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ 29ਵੇਂ ਜਨਮ ਦਿਨ ਮੌਕੇ ਬਠਿੰਡਾ ਵਿੱਚ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਕਰਨਵੀਰ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ, ਚਰਨਪ੍ਰੀਤ ਸਿੰਘ, ਸਾਹਿਲ ਰਾਣਾ, ਗੁਰਨੂਰ ਸਿੰਘ ਮਨੀ ਮਹਿਰਾ ਤੇ ਹੋਰ ਨੌਜਵਾਨ ਮੌਜੂਦ ਸਨ।
ਕਾਲਾਂਵਾਲੀ (ਪੱਤਰ ਪ੍ਰੇਰਕ): ਖੇਤਰ ਦੇ ਪਿੰਡ ਤਖਤਮੱਲ ’ਚ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਨੂੰ ਸਮਰਪਿਤ ਪਿੰਡ ਦੇ ਬੱਸ ਅੱਡੇ ’ਤੇ ਠੰਢੇ-ਮਿੱਠੇ ਜਲ ਦੀ ਛਬੀਲ ਲਾਈ ਗਈ। ਇਸ ਮੌਕੇ ਡੇਰਾ ਸਮਾਧ ਬਾਬਾ ਆਤਮਾ ਰਾਮ ਜੀ ਦੇ ਮੁਖੀ ਸੰਤ ਪ੍ਰਸ਼ੋਤਮ ਦਾਸ, ਸਰਪੰਚ ਜਗਸੀਰ ਸਿੰਘ ਜੱਗਾ, ਯੂਥ ਕਲੱਬ ਦੇ ਅਹੁਦੇਦਾਰ ਤੇ ਮੈਂਬਰ, ਕਿਸਾਨ ਯੂਨੀਅਨ ਦੇ ਆਗੂ ਅਤੇ ਨਗਰ ਨਿਵਾਸੀ ਮੌਜੂਦ ਸਨ।