ਪੱਤਰ ਪ੍ਰੇਰਕ
ਮਾਨਸਾ, 1 ਮਈ
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਕਰੋਨਾ ਦੇ ਕੇਸਾਂ ਵਿੱਚ ਵਾਧੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਰੋਨਾ ਵਾਇਰਸ ਦੀ ਲਾਗ ਤੋਂ ਲੋਕਾਂ ਨੂੰ ਬਚਾਉਣ ਦੇ ਇਰਾਦੇ ਨਾਲ ਲਾਏ ਗਏ ਵੀਕਐਂਡ ਲੌਕਡਾਊਨ ਦੇ ਪਹਿਲੇ ਦਿਨ ਮਾਲਵਾ ਖੇਤਰ ਵਿੱਚ ਵਿਆਪਕ ਅਸਰ ਵੇਖਣ ਨੂੰ ਮਿਲਿਆ। ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਸ਼ਹਿਰਾਂ ਦੇ ਸਾਰੇ ਬਜ਼ਾਰ ਬੰਦ ਰਹੇ ਪੀਆਰਟੀਸੀ ਦੀਆਂ ਤੇ ਕੁੱਝ ਕੁ ਪ੍ਰਾਈਵੇਟ ਬੱਸਾਂ ਭਾਵੇਂ ਚੱਲੀਆਂ, ਪਰ ਉਨ੍ਹਾਂ ਵਿੱਚ ਸਵਾਰੀਆਂ ਨਾ-ਮਾਤਰ ਹੀ ਚੜ੍ਹੀਆਂ। ਬਿਨਾਂ ਕੰਮਕਾਰ ਤੋਂ ਘਰਾਂ ਵਿਚੋਂ ਬਾਹਰ ਆਉਣ ਵਾਲੇ ਲੋਕਾਂ ਖਿਲਾਫ਼ ਪੁਲੀਸ ਵੱਲੋਂ ਸਖ਼ਤੀ ਵਰਤੀ ਗਈ ਅਤੇ ਬਿਨਾਂ ਮਾਸਕ ਵਾਲਿਆਂ ਨੂੰ ਬਖ਼ਸਿਆ ਨਹੀਂ ਗਿਆ। ਮਾਨਸਾ ਸ਼ਹਿਰ ਦੇ ਬਾਜ਼ਾਰ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੂਰੀ ਤਰ੍ਹਾਂ ਸੁੰਨ ਪਸਰੀ ਰਹੀ ਅਤੇ ਬਜ਼ਾਰ ਪੂਰੀ ਤਰ੍ਹਾਂ ਬੰਦ ਵੇਖਣ ਨੂੰ ਮਿਲੇ। ਪੰਜਾਬ ਪੁਲੀਸ ਵੱਲੋਂ ਕੀਤੇ ਗਏ ਸ਼ਹਿਰ ਵਿੱਚ ਮਾਰਚ ਪਾਸਟ ਤੋਂ ਮਗਰੋਂ ਦਿੱਤੇ ਆਦੇਸ਼ਾਂ ਮੁਤਾਬਕ ਅੱਜ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਅੱਜ ਇੱਥੇ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਸਾਰੇ ਬਾਜ਼ਾਰ ਬੰਦ ਰਹੇ। ਰੋਡਵੇਜ ਦੀਆਂ ਕੁਝ ਬੱਸਾਂ ਚਲੀਆਂ ਪਰ ਸਵਾਰੀਆਂ ਨਾਮਾਤਰ ਹੀ ਬੱਸਾਂ ’ਚ ਚੜ੍ਹੀਆਂ। ਬਿਨਾਂ ਕੰਮ ਤੋਂ ਘਰਾਂ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਖ਼ਿਲਾਫ਼ ਪੁਲੀਸ ਨੇ ਸਖ਼ਤਾਈ ਦੀ ਵਰਤੋਂ ਕੀਤੀ। ਸਿਰਸਾ ਦੇ ਭੀੜਭਾੜ ਵਾਲੇ ਬਾਜ਼ਾਰਾਂ ’ਚ ਸੁੰਨ ਪਸਰੀ ਰਹੀ।
ਲੁਕਵੇਂ ਢੰਗ ਨਾਲ ਵਿਕਦੀ ਰਹੀ ‘ਲਾਲ ਪਰੀ’
ਬਠਿੰਡਾ (ਨਿੱਜੀ ਪੱਤਰ ਪ੍ਰੇਰਕ): ਕੋਵਿਡ ਸੰਕਟ ਲਈ ਲਾਏ ਗਏ ਹਫ਼ਤਾਵਾਰੀ ਲਾਕਡਾਊਨ ਦੌਰਾਨ ਬਠਿੰਡਾ ’ਚ ਬਾਜ਼ਾਰ ਬੰਦ ਰਹੇ। ਭਾਵੇਂ ਪ੍ਰਸ਼ਾਸਨ ਵੱਲੋਂ ਬਗ਼ੈਰ ਕੰਮ ਤੋਂ ਲਾਕਡਾਊਨ ਦੌਰਾਨ ਘਰਾਂ ’ਚੋਂ ਬਾਹਰ ਆਉਣ ਲਈ ਵਰਜਿਆ ਹੋਇਆ ਸੀ ਪਰ ਫਿਰ ਵੀ ਵੱਡੀ ਗਿਣਤੀ ਲੋਕ ਆਪਣੇ ਵਾਹਨਾਂ ’ਤੇ ਸਵਾਰ ਹੋ ਕੇ ਅਤੇ ਪੈਦਲ ਬਾਹਰ ਘੁੰਮਦੇ ਨਜ਼ਰੀਂ ਆਏ। ਦਿਲਚਸਪ ਗੱਲ ਇਹ ਰਹੀ ਕਿ ਬਾਕੀ ਕਾਰੋਬਾਰ ਭਾਵੇਂ ਬੰਦ ਸਨ ਪਰ ਸ਼ਰਾਬ ਦੀਆਂ ਕੁਝ ਦੁਕਾਨਾਂ ’ਤੇ ਲਾਕਡਾਊਨ ਅਤੇ ਕਰਫ਼ਿਊ ਦੌਰਾਨ ਸ਼ਰਾਬ ਦੀ ਵਿਕਰੀ ‘ਲੁਕਵੇਂ’ ਢੰਗ ਨਾਲ ਹੋ ਰਹੀ ਹੈ।