ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 2 ਦਸੰਬਰ
ਬਾਬਾ ਫ਼ਰੀਦ ਯੂਨੀਵਰਸਿਟੀ ਨੇ ਓਮੀਕਰੋਨ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਓਮੀਕਰੋਨ ਦੇ ਟਾਕਰੇ ਲਈ ਫ਼ਰੀਦਕੋਟ ਅਤੇ ਅੰਮ੍ਰਿਤਸਰ ਸਾਹਿਬ ਦੇ ਸਰਕਾਰੀ ਮੈਡੀਕਲਾਂ ਵਿੱਚ ਜਿਨੋਮ ਸੀਕੂਐਂਸ ਲੈਬਾਰਟਰੀਆਂ ਸਥਾਪਿਤ ਕੀਤੀਆਂ ਜਾਣ। ਪੰਜਾਬ ਵਿੱਚ ਹਾਲ ਦੀ ਘੜੀ ਅਜਿਹੇ ਵਿਸ਼ੇ ਦੀ ਕੋਈ ਲੈਬਾਰਟਰੀ ਨਹੀਂ ਹੈ। ਯੂਨੀਵਰਸਿਟੀ ਨੇ ਪੰਜਾਬ ਸਰਕਾਰ ਨੂੰ ਲਿਖਿਆ ਹੈ ਕਿ ਇਹ ਲੈਬਾਰਟਰੀਆਂ ਪਹਿਲ ਦੇ ਅਧਾਰ ਤੇ ਸਥਾਪਿਤ ਕਰਨੀਆਂ ਜ਼ਰੂਰੀ ਹਨ। ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਇਸ ਨਵੇਂ ਵੈਰੀਐਂਟ ਤੋਂ ਬਚਾਓ ਅਤੇ ਟਾਕਰੇ ਲਈ ਯੂਨੀਵਰਸਿਟੀ ਸੂਬੇ ਨੂੰ ਹਰ ਪੱਧਰ ਦਾ ਸਹਿਯੋਗ ਦੇਵੇਗੀ। ਇਸੇ ਦੌਰਾਨ ਪਤਾ ਲੱਗਾ ਹੈ ਕਿ ਕਰੋਨਾ ਵਾਇਰਸ ਦੌਰਾਨ ਸਥਾਪਿਤ ਕੀਤੇ ਗਏ ਆਈਸੋਲੇਸ਼ਨ ਵਾਰਡਾਂ ਨੂੰ ਮੁੜ ਦਰੁਸਤ ਅਤੇ ਚਾਲੂ ਕਰਨ ਲਈ ਕਿਹਾ ਗਿਆ ਹੈ। ਸੂਤਰਾਂ ਅਨੁਸਾਰ ਸਿਹਤ ਵਿਭਾਗ ਨੇ ਸੂਬੇ ਭਰ ਵਿੱਚ 142 ਆਈ.ਸੀ.ਯੂ ਅਤੇ ਦੂਜੇ ਦਰਜੇ ਦੇ 3500 ਵਾਧੂ ਬੈੱਡਾਂ ਤੋਂ ਇਲਾਵਾ ਜੱਚਾ-ਬੱਚਾ ਵਿਭਾਗ ਲਈ 1215 ਬੈੱਡ ਵਧਾਉਣ ਲਈ ਕਿਹਾ ਗਿਆ ਹੈ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਸਿਹਤ ਵਿਭਾਗ ਅਮਲੇ ਨੂੰ ਚੌਕਸ ਰਹਿਣ ਲਈ ਕਿਹਾ ਗਿਆ ਹੈ।