ਜੋਗਿੰਦਰ ਸਿੰਘ ਮਾਨ
ਮਾਨਸਾ, 3 ਅਕਤੂਬਰ
ਬੇਸ਼ੱਕ ਕੇਂਦਰ ਸਰਕਾਰ ਵੱਲੋਂ 27 ਸਤੰਬਰ ਤੋਂ ਝੋਨੇ ਦੀ ਖਰੀਦ ਆਰੰਭ ਕਰ ਦਿੱਤੀ ਗਈ ਹੈ, ਪਰ ਮਾਲਵਾ ਪੱਟੀ ਦੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਅਨਾਜ ਦੇ ਵੱਡੇ ਭੰੰਡਾਰਾਂ ਵਿੱਚ ਅਜੇ ਵੀ ਪਿਛਲੇ ਸਾਲਾਂ ਦੇ ਸਟੋਰ ਕੀਤੇ ਹੋਏ ਚੌਲ ਪਏ ਹਨ, ਜਿਨ੍ਹਾਂ ਨੂੰ ਚੁੱਕਣ ਵਾਸਤੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੇ ਫਿਲਹਾਲ ਚੁੱਪ ਧਾਰ ਰੱਖੀ ਹੈ।
ਜੇਕਰ ਇਹ ਚੌਲ, ਅਨਾਜ ਭੰਡਾਰਾਂ ਵਿੱਚੋਂ ਚੁੱਕੇ ਜਾਣਗੇ ਤਾਂ ਹੀ ਨਵੇਂ ਸੀਜ਼ਨ ਦੀ ਜ਼ੀਰੀ ‘ਚੋਂ ਕੱਢੇ ਹੋਏ ਚੌਲ ਇਨ੍ਹਾਂ ਗੋਦਾਮਾਂ ਵਿੱਚ ਲਿਆ ਕੇ ਰੱਖੇ ਜਾ ਸਕਣਗੇ। ਪੁਰਾਣੇ ਚਾਵਲਾਂ ਨਾਲ ਭਰੇ ਪਏ ਇਹ ਗੁਦਾਮ ਭਵਿੱਖ ਵਿਚ ਸਰਕਾਰ ਲਈ ਨਵੀਂ ਸਮੱਸਿਆ ਸਹੇੜ ਸਕਦੇ ਹਨ। ਇਹ ਚੌਲ ਇਸ ਵਾਰ ਦੇਸ਼ ਵਿੱਚ ਕਰੋਨਾ ਕਾਰਨ ਹੋਏ ਲੌਕਡਾਊਨ ਕਾਰਨ ਰੇਲਗੱਡੀਆਂ ਬੰਦ ਹੋਣ ਕਾਰਨ ਵੀ ਨਹੀਂ ਚੁੱਕੇ ਜਾ ਸਕੇ ਹਨ, ਹਾਲਾਂਕਿ ਮਾਲ ਗੱਡੀਆਂ ਦੀ ਆਵਾਜਾਈ ਜਲਦੀ ਬਹਾਲ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਚੌਲਾਂ ਦੀਆਂ ਸਪੈਸ਼ਲ ਗੱਡੀਆਂ ਨਹੀਂ ਭਰੀਆਂ ਜਾ ਸਕੀਆਂ ਹਨ।
ਰਾਜ ਵਿਚਲੀਆਂ ਵੱਖ-ਵੱਖ ਖਰੀਦ ਏਜੰਸੀਆਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਇਸ ਖਿੱਤੇ ਵਿਚਲੇ ਕਈ ਸ਼ਹਿਰਾਂ ਤੇ ਕਸਬਿਆਂ ਵਿੱਚ ਬਣੇ ਕਵਰਡ ਗੁਦਾਮਾਂ ਵਿੱਚੋਂ ਪੁਰਾਣੇ ਚੌਲ ਚੁੱਕਣ ਲਈ ਅਜੇ ਤੱਕ ਕੋਈ ਵਿਭਾਗੀ ਚਾਰਾਜੋਈ ਨਹੀਂ ਹੋਣ ਲੱਗੀ ਹੈ, ਜਦਕਿ ਇਨ੍ਹਾਂ ਗੁਦਾਮਾਂ ਵਿੱਚ ਪਏ ਚਾਵਲਾਂ ਦੀ ਮਾਤਰਾ ਸਬੰਧੀ ਜਾਣਕਾਰੀ ਪੰਜਾਬ ਸਰਕਾਰ ਵਲੋਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਪਾਸੋਂ ਬਾਕਾਇਦਾ ਰੂਪ ‘ਚ ਮੰਗਵਾਈ ਹੋਈ ਹੈ। ਇੱਕ ਸੂਚਨਾ ਅਨੁਸਾਰ ਇਹ ਪੁਰਾਣੇ ਚਾਵਲ ਮਾਨਸਾ ਤੋਂ ਬਿਨਾਂ ਸੰਗਰੂਰ, ਬਰਨਾਲਾ, ਮੋਗਾ, ਬਠਿੰਡਾ, ਫਾਜ਼ਿਲਕਾ, ਮੁਕਤਸਰ, ਫ਼ਰੀਦਕੋਟ ਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿਚਲੇ ਅਨਾਜ ਭੰਡਾਰਾਂ ਵਿੱਚ ਪਏ ਹਨ। ਇਹ ਵੀ ਪਤਾ ਲੱਗਿਆ ਹੈ ਕਿ ਕਈ ਏਜੰਸੀਆਂ ਕੋਲ ਕਵਰਡ ਗੁਦਾਮਾਂ ਵਿਚ ਚੌਲਾਂ ਦੇ ਨਾਲ-ਨਾਲ ਹਜ਼ਾਰਾਂ ਮੀਟਰਕ ਟਨ ਕਣਕ ਵੀ ਰੱਖੀ ਹੋਈ ਹੈ, ਜੋ ਅੱਗੇ ਜਾ ਕੇ ਚੌਲ ਸਾਂਭਣ ਵਿੱਚ ਅੜਿੱਕਾ ਪੈਦਾ ਕਰ ਸਕਦੀ ਹੈ।
ਸਮੱਸਿਆ ਨਹੀਂ ਆਵੇਗੀ: ਡੀਸੀ
ਡਿਪਟੀ ਕਮਿਸ਼ਨਰ ਮਹਿੰਦਰਪਾਲ ਗੁਪਤਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਹੋ ਗਏ ਹਨ ਅਤੇ ਇਸ ਜ਼ਿਲ੍ਹੇ ਵਿੱਚ ਚੌਲਾਂ ਦੇ ਭੰਡਾਰ ਬਹੁਤੇ ਨਾ ਹੋਣ ਕਾਰਨ ਜ਼ੀਰੀ ਤੋਂ ਨਿਕਲੇ ਚੌਲਾਂ ਨੂੰ ਨਵੇਂ ਸਿਰੇ ਤੋਂ ਭੰਡਾਰ ਕਰਨ ਵਾਸਤੇ ਕੋਈ ਤਕਲੀਫ਼ ਨਹੀਂ ਪੈਦਾ ਹੋਵੇਗੀ।