ਪੱਤਰ ਪ੍ਰੇਰਕ
ਧਨੌਲਾ, 13 ਜੂਨ
ਪੰਜਾਬੀ ਟ੍ਰਿਬਿਊਨ ਵਿੱਚ ਪਾਬੰਦੀ ਦੇ ਬਾਵਜੂਦ ਖਾਣਾ ਪਰੋਸ ਰਹੇ ਢਾਬਿਆਂ ਸਬੰਧੀ ਛਪੀ ਖ਼ਬਰ ਮਗਰੋਂ ਪ੍ਰਸ਼ਾਸਨ ਤੁਰੰਤ ਹਰਕਤ ਵਿੱਚ ਆ ਗਿਆ ਹੈ। ਸੂਤਰਾਂ ਅਨੁਸਾਰ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਫੂਲਕਾ ਨੇ ਹੰਗਾਮੀ ਮੀਟਿੰਗ ਕਰਦਿਆਂ ਕਾਰਵਾਈ ਦੇ ਹੁਕਮ ਦਿੱਤੇ ਹਨ। ਉਧਰ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਜਸਪ੍ਰੀਤ ਸਿੰਘ, ਐੱਸਐੱਮਓ ਡਾ. ਸਤਵੰਤ ਸਿੰਘ ਔਜਲਾ, ਨਾਇਬ ਤਹਿਸੀਲਦਾਰ ਆਸ਼ੂ ਪ੍ਰਭਾਸ਼ ਜੋਸ਼ੀ ਤੇ ਧਨੌਲਾ ਥਾਣੇ ਦੇ ਮੁਖੀ ਕੁਲਦੀਪ ਸਿੰਘ ਨੇ ਢਾਬਿਆਂ ਦੀ ਅਚਨਚੇਤ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਦੀਪਕ ਢਾਬੇ ਦੇ ਪ੍ਰਬੰਧਕਾਂ ਨੇ ਫੈਮਿਲੀ ਹਾਲ ਬੰਦ ਕਰ ਦਿੱਤੇ ਹਨ। ਅਧਿਕਾਰੀਆਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਰਜਵਾੜਾ ਢਾਬੇ ਸਮੇਤ ਕਈ ਥਾਵਾਂ ਤੋਂ ਪਨੀਰ ਅਤੇ ਲੱਡੂ ਦੇ ਨਮੂਨੇ ਵੀ ਭਰੇ ਗਏ, ਜਿਸ ਦੀ ਪੁਸ਼ਟੀ ਰਜਵਾੜਾ ਢਾਬੇ ਦੇ ਮਾਲਕਾਂ ਨੇ ਖ਼ੁਦ ਕੀਤੀ। ਡਾ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਢਾਬਾ ਮਾਲਕਾਂ ਨੂੰ ਸਖ਼ਤ ਹਦਾਇਤਾਂ ਕਰ ਦਿੱਤੀਆਂ ਹਨ ਕਿ ਕਿਸੇ ਵੀ ਵਿਅਕਤੀ ਨੂੰ ਹਾਲ ਵਿੱਚ ਬੈਠਣ ਦੀ ਆਗਿਆ ਨਾ ਦਿੱਤੀ ਜਾਵੇ। ਐੱਸਡੀਐੱਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਹੁਣ ਢਾਬਿਆਂ ‘ਤੇ ਬਾਜ਼ ਅੱਖ ਰੱਖੀ ਜਾਵੇਗੀ ਤੇ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।