ਪੱਤਰ ਪ੍ਰੇਰਕ
ਮਾਨਸਾ, 1 ਜੂਨ
ਦਫ਼ਤਰੀ ਬਾਬੂਆਂ ਦੀ ਹੜਤਾਲ ਹੁਣ ਦਫ਼ਤਰਾਂ ਵਿੱਚੋਂ ਨਿਕਲਕੇ ਸ਼ਹਿਰ ਦੇ ਚੌਕਾਂ ਵਿੱਚ ਆ ਗਈ ਹੈ। ਬਾਬੂਆਂ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਤੱਕ ਪੰਜਾਬ ਸਰਕਾਰ ਖਿਲਾਫ਼ ਮੋਟਰਸਾਈਕਲ ਰੋਸ ਮਾਰਚ ਕੀਤਾ ਅਤੇ ਰਸਤੇ ਵਿੱਚ ਬੱਸ ਸਟੈਂਡ ਸਾਹਮਣੇ ਚੌਕ ਵਿੱਚ ਕੈਪਟਨ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਉਧਰ ਇਸ ਹੜਤਾਲ ਕਾਰਨ ਆਮ ਪੇਂਡੂ ਤੇ ਸ਼ਹਿਰੀ ਲੋਕਾਂ ਨੂੰ ਭਾਰੀ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਸਮੂਹਿਕ ਛੁੱਟੀ ਲੈ ਕੇ ਕੀਤੀ ਹੜਤਾਲ ਕਾਰਨ ਸਬ-ਤਹਿਸੀਲ,ਐੱਸਡੀਐੱਮ ਅਤੇ ਡੀਸੀ ਦਫ਼ਤਰਾਂ ਦੇ ਸਾਰੇ ਬਾਬੂ ਪਿਛਲੇ ਸੋਮਵਾਰ ਦੇ ਦਫ਼ਤਰਾਂ ਵਿੱਚ ਕੰਮ-ਕਾਰ ਲਈ ਆਏ ਹਨ। ਕਰਮਚਾਰੀਆਂ ਵੱਲੋਂ ਅੱਜ 9ਵੇਂ ਦਿਨ ਸਮੂਹਿਕ ਛੁੱਟੀ ਲੈ ਕੇ ਸੜਕਾਂ ’ਤੇ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਮੌਜੋ, ਰਘਵੀਰ ਸਿੰਘ ਝੱਬਰ, ਅੰਮ੍ਰਿਤਪਾਲ ਕੌਰ ਸੁਪਰਡੈਂਟ, ਜਗਸੀਰ ਸਿੰਘ, ਬਲਜਿੰਦਰ ਸਿੰਘ ਬਰਨ, ਮਨੋਜ ਕੁਮਾਰ ਸਿੰਗਲਾ, ਗੁਰਤੇਜ ਸਿੰਘ ਘਰਾਗਣਾ, ਲਾਲ ਸਿੰਘ ਅਤੇ ਲੱਖਾ ਸਿੰਘ ਨੇ ਵੀ ਸੰਬੋਧਨ ਕੀਤਾ।