ਰਵਿੰਦਰ ਰਵੀ/ਪਰਸ਼ੋਤਮ ਬੱਲੀ/ਨਵਕਿਰਨ ਸਿੰਘ
ਬਰਨਾਲਾ/ਮਹਿਲ ਕਲਾਂ, 10 ਮਈ
ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਨਾਜਾਇਜ਼ ਕਬਜ਼ੇ ਛੁਡਾਉਣ ਦੀ ਵਿੱਢੀ ਮੁਹਿੰਮ ਨੂੰ ਜ਼ਿਲੇ ਵਿੱਚ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋਂ ਡਿਪਟੀ ਕਮਿਸ਼ਨਰ ਹਰੀਸ਼ ਨਈਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਵਿਭਾਗ ਦੇ ਅਧਿਕਾਰੀਆਂ ਨੇ ਪਿੰਡ ਮੂੰਮ ਦੀ 37 ਕਨਾਲ 8 ਮਰਲੇ ਵਾਹੀਯੋਗ ਪੰਚਾਇਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲਾ ਬਰਨਾਲਾ ’ਚ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਵਿੱਢੀ ਗਈ ਹੈ। ਜ਼ਿਲੇ ਦੇ ਪਿੰਡ ਮੂੰਮ ’ਚ ਇਕ ਪਰਿਵਾਰ ਵੱਲੋਂ ਪਿਛਲੇ 50 ਸਾਲਾਂ ਤੋਂ 37 ਕਨਾਲ 8 ਮਰਲੇ ਵਾਹੀਯੋਗ ਜ਼ਮੀਨ ’ਤੇ ਕਬਜ਼ਾ ਕੀਤਾ ਹੋਇਆ ਸੀ।
ਜਿਸ ਸਬੰਧੀ ਪਿਛਲੇ ਹਫਤੇ ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਰੂਪ ਸਿੰਘ ਦੀ ਅਗਵਾਈ ’ਚ ਉਨ੍ਹਾਂ ਵੱਲੋਂ ਟੀਮ ਭੇਜੀ ਗਈ ਸੀ ਤਾਂ ਜੋ ਸਬੰਧਿਤ ਪਰਿਵਾਰ ਨਾਲ ਸਿੱਧਾ ਰਾਬਤਾ ਬਣਾਇਆ ਜਾ ਸਕੇ। ਇਸ ਮਗਰੋਂ ਅੱਜ ਗ੍ਰਾਮ ਪੰਚਾਇਤ ਮੂੰਮ ਵੱਲੋਂ ਸਬੰਧਿਤ ਜ਼ਮੀਨ ’ਤੇ ਕਬਜ਼ਾ ਲਿਆ ਜਾਣਾ ਸੀ। ਇਸ ਤੋਂ ਪਹਿਲਾਂ ਹੀ ਤੇਜਿੰਦਰ ਸਿੰਘ ਵਾਸੀ ਮੂੰਮ ਵੱਲੋਂ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਹੋਏ ਪੰਚਾਇਤੀ ਵਿਭਾਗ ਨਾਲ ਸੰਪਰਕ ਕੀਤਾ ਗਿਆ ਤੇ ਅੱਜ ਉਨਾਂ ਨੂੰ ਘੋਸ਼ਣਾ ਪੱਤਰ ਸੌਂਪ ਕੇ ਜ਼ਮੀਨ ਦਾ ਕਬਜ਼ਾ ਛੱਡ ਦਿੱਤਾ ਗਿਆ ਹੈੇੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਪਰਮਵੀਰ ਸਿੰਘ ਨੇ ਆਖਿਆ ਕਿ ਜ਼ਿਲੇ ਵਿੱਚ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ਜਾਰੀ ਹੈ ਅਤੇ ਆਉਦੇ ਦਿਨੀਂ ਹੋਰ ਵੀ ਕਬਜ਼ੇ ਛੁਡਾਏ ਜਾਣਗੇ।
ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਰੂਪ ਸਿੰਘ ਨੇ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਉਹ ਖੁਦ ਹੀ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੱਡ ਦੇਣ, ਅਜਿਹਾ ਨਾ ਕਰਨ ’ਤੇ ਨੇਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸਡੀਐੱਮ ਸਿਮਰਪ੍ਰੀਤ ਕੌਰ, ਬੀਡੀਪੀਓ ਜਗਤਾਰ ਸਿੰਘ, ਪੀਓ ਗੁਰਮੇਲ ਸਿੰਘ, ਪਟਵਾਰੀ ਗੁਰਪ੍ਰੀਤ ਸਿੰਘ, ਪੰਚਾਇਤ ਸਕੱਤਰ ਗੁਰਦੀਪ ਸਿੰਘ ਤੇ ਗ੍ਰਾਮ ਪੰਚਾਇਤ ਮੂੰਮ ਹਾਜ਼ਰ ਸੀ। ਜ਼ਿਲਾ ਪ੍ਰਸ਼ਾਸਨ ਤੇ ਪੰਚਾਇਤੀ ਵਿਭਾਗ ਦੀ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੁਹਿੰਮ ’ਚ ਸਹਿਯੋਗ ਦੇਣ ’ਤੇ ਪ੍ਰਸ਼ਾਸਨ ਵੱਲੋਂ ਤੇਜਿੰਦਰ ਸਿੰਘ ਵਾਸੀ ਮੂੰਮ ਦਾ ਸਨਮਾਨ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਬਾਕੀ ਕਾਬਜ਼ਕਾਰ ਵੀ ਤੇਜਿੰਦਰ ਸਿੰਘ ਵਾਂਗ ਅੱਗੇ ਆਉਣ ਤੇ ਆਪਣੀ ਸਹਿਮਤੀ ਨਾਲ ਨਾਜਾਇਜ਼ ਕਬਜ਼ੇ ਛੱਡ ਦੇਣ। ਇਸ ਮੌਕੇ ਤੇਜਿੰਦਰ ਸਿੰਘ ਨੇ ਕਿਹਾ ਕਿ ਉਸ ਨੇ ਆਪਣੀ ਸਹਿਮਤੀ ਨਾਲ ਜ਼ਮੀਨ ਤੋਂ ਕਬਜ਼ਾ ਛੱਡ ਦਿੱਤਾ ਹੈ ਤੇ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਪਾਬੰਦ ਹੋਣਗੇ।