ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 16 ਮਾਰਚ
ਖਟਕੜ ਕਲਾਂ ’ਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ’ਚੋਂ 1200 ਸਰਕਾਰੀ ਬੱਸਾਂ ਨੂੰ ਆਪ ਵਰਕਰਾਂ ਦੀ ਢੋਆ-ਢੁਆਈ ਲਈ ਲਾਇਆ ਗਿਆ ਸੀ। ਬਠਿੰਡਾ ਡਿਪੂ ’ਚੋਂ ਸਭ ਤੋਂ ਵੱਧ 160 ਬੱਸਾਂ ਨੂੰ ਇਸ ਕੰਮ ਲਈ ਵਰਤਿਆ ਗਿਆ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚੋਂ ਬੱਸਾਂ ਵਰਕਰਾਂ ਦੀ ਢੋਆ-ਢੁਆਈ ਲਈ ਲਾਉਣ ਕਾਰਨ ਅੱਜ ਆਮ ਲੋਕਾਂ ਨੂੰ ਸਾਰਾ ਦਿਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅੱਡਿਆਂ ’ਤੇ ਪੀਆਰਟੀਸੀ ਦੀਆਂ ਬੱਸਾਂ ਦੀ ਆਵਾਜਾਈ ਨਾਮਾਤਰ ਰਹੀ। ਅੱਡਿਆਂ ’ਚ ਖੜ੍ਹੇ ਲੋਕ ਪੀਆਰਟੀਸੀ ਦੀਆਂ ਬੱਸਾਂ ਦੀ ਉਡੀਕ ਕਰਦੇ ਵੇਖੇ ਗਏ। ਬਹੁਤੇ ਲੋਕਾਂ ਨੂੰ ਆਪੋ-ਆਪਣੀ ਮੰਜ਼ਿਲਾਂ ’ਤੇ ਪਹੁੰਚਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ। ਨੌਕਰੀਪੇਸ਼ਾ ਲੋਕ ਸਮੇਂ ਸਿਰ ਡਿਊਟੀਆਂ ’ਤੇ ਨਹੀਂ ਪਹੁੰਚ ਸਕੇ।
ਵੱਡੀ ਪ੍ਰੇਸ਼ਾਨੀ ਔਰਤਾਂ ਨੂੰ ਝੱਲਣੀ ਪਈ ਕਿਉਂਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਸਰਕਾਰੀ ਬੱਸਾਂ ਵਿਚ ਸਫਰ ਮੁਫ਼ਤ ਕੀਤਾ ਹੋਇਆ ਹੈ। ਔਰਤਾਂ ਤੇ ਨਿੱਜੀ ਬੱਸਾਂ ਅੰਦਰ ਸਫਰ ਕਰਨ ਸਮੇਂ ਫਿਕਰੇ ਕੱਸੇ ਗਏ, ਨਿੱਜੀ ਬੱਸ ਓਪਰੇਟਰਾਂ ਨੇ ਔਰਤਾਂ ਨੂੰ ਉਲਾਂਬੇ ਦਿੱਤੇ ਕਿ ‘ਅੱਜ ਸਰਕਾਰੀ ਬੱਸ ਨਹੀਂ ਆਈ ਤਾਂ ਪ੍ਰਾਈਵੇਟ ਬੱਸ ਦੀ ਲੋੜ ਪੈ ਗਈ’। ਕੋਟਕਪੂਰੇ ਦੇ ਬੱਸ ਅੱਡੇ ਵਿਚ ਦੋ ਘੰਟੇ ਤੋਂ ਬੱਸ ਦੀ ਉਡੀਕ ਕਰ ਰਹੀ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਸ ਨੇ ਅੱਜ ਮੋਗਾ ਜਾਣਾ ਸੀ। ਸਵੇਰ ਦਸ ਵਜੇ ਤੋਂ ਉਹ ਅੱਡੇ ਵਿਚ ਬੈਠੀ ਪਰ ਦੋ ਘੰਟੇ ਬੀਤ ਜਾਣ ਮਗਰੋਂ ਬੱਸ ਨਹੀਂ ਆਈ। ਉਹ ਬਹੁਤ ਪ੍ਰੇਸ਼ਾਨ ਹੈ। ਉਸ ਨੂੰ ਖੁਸ਼ੀ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਬਣੇ ਹਨ ਪਰ ਸਰਕਾਰ ਨੂੰ ਪਹਿਲੋਂ ਆਮ ਜਨਤਾ ਨੂੰ ਸੂਚਿਤ ਕਰਨਾ ਚਾਹੀਦਾ ਸੀ ਕਿ ਅੱਜ ਬੱਸਾਂ ਖਟਕੜ ਕਲਾਂ ਜਾਣ ਕਰਕੇ ਅੱਡਿਆਂ ਵਿਚ ਬੱਸਾਂ ਦੀ ਆਵਾਜਾਈ ਘੱਟ ਰਹੇਗੀ ਤਾਂ ਜੋ ਉਹ ਘਰੋਂ ਹੀ ਨਾ ਨਿਕਲਦੇ। ਬਿਰਧ ਬੰਸੋ ਨੇ ਆਖਿਆ ਕਿ ਉਹਨੇ ਬਾਘਾਪੁਰਾਣਾ ਜਾਣਾ ਹੈ ਪਰ ਉਹ ਦੋ ਘੰਟੇ ਤੋਂ ਬੱਸ ਦੀ ਉਡੀਕ ਕਰ ਰਹੀ ਹੈ। ਬੱਸ ਨਾ ਆਉਣ ਕਰਕੇ ਉਹ ਆਪਣੇ ਜ਼ਰੂਰੀ ਕੰਮ ਕਰਕੇ ਰਿਸ਼ਤੇਦਾਰੀ ਵਿਚ ਨਹੀਂ ਪਹੁੰਚ ਪਾ ਰਹੀ।
ਵਧੀਕ ਸਕੱਤਰ ਤੋਂ ਪੁੱਛਿਆ ਜਾਵੇ: ਟਰਾਂਸਪੋਰਟ ਕਮਿਸ਼ਨਰ਼
ਇਸ ਸਬੰਧ ਵਿਚ ਸਟੇਟ ਟਰਾਂਸਪੋਰਟ ਕਮਿਸ਼ਨ ਵਿਮਲ ਕੁਮਾਰ ਸੇਤੀਆ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਆਖਿਆ ਕਿ ਇਸ ਗੱਲ ਦਾ ਜਵਾਬ ਉਨ੍ਹਾਂ ਦੀ ਬਜਾਏ ਸੂਬੇ ਦੇ ਵਧੀਕ ਸਕੱਤਰ ਏ.ਵੇਣੂ ਪ੍ਰਸ਼ਾਦ ਤੋਂ ਪੁੱਛਿਆ ਜਾਵੇ।
ਕੀ ਕਹਿੰਦੇ ਨੇ ਹੋਰ ਅਧਿਕਾਰੀ
ਐਸ.ਡੀ.ਐਮ. ਕੋਟਕਪੂਰਾ ਵਰਿੰਦਰ ਸਿੰਘ ਨੇ ਆਖਿਆ ਕਿ ਸਰਕਾਰ ਤੋਂ ਉਨ੍ਹਾਂ ਨੂੰ ਅਜਿਹਾ ਕੋਈ ਆਦੇਸ਼ ਨਹੀਂ ਮਿਲਿਆ ਕਿ ਉਹ ਆਮ ਲੋਕਾਂ ਨੂੰ ਸੂਚਿਤ ਕਰਦੇ। ਪੀਆਰਟੀਸੀ ਦੇ ਡਿਪੂ ਮੈਨੇਜਰ ਐਮਪੀ. ਸਿੰਘ ਨੇ ਆਖਿਆ ਕਿ ਉਨ੍ਹਾਂ ਦੇ ਡਿਪੂ ’ਚੋਂ ਵੀ ਬੱਸਾਂ ਗਈਆਂ ਹਨ ਜਿਸ ਕਰਕੇ ਉਨ੍ਹਾਂ ਦੇ ਕਈ ਟਾਈਮ ਵੀ ਮਿਸ ਹੋ ਗਏ। ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਇਹ ਪ੍ਰੇਸ਼ਾਨੀ ਓਨੀ ਵੱਡੀ ਨਹੀਂ ਜਿੰਨੀ ਲੰਘੇ ਪੰਜ ਸਾਲ ਵਿਚ ਲੋਕਾਂ ਨੂੰ ਝੱਲਣੀ ਪਈ।