ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 21 ਫ਼ਰਵਰੀ
ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੁਕੰਮਲ ਹੋਣ ਬਾਅਦ ਪਿੰਡਾਂ ਵਿਚ ਚੁੱਪ ਪਸਰੀ ਦਿਖਾਈ ਦੇ ਰਹੀ ਹੈ। ਲੋਕਾਂ ਨੇ ਆਪਣਾ ਕੰਮਕਾਜ ਆਮ ਵਾਂਗ ਕਰਨਾ ਸ਼ੁਰੂ ਕਰ ਦਿੱਤਾ ਹੈ। ਉਂਜ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਆਪੋ ਆਪਣੇ ਹੱਕ ਵਿੱਚ ਗਿਣਤੀਆਂ ਮਿਣਤੀਆਂ ਕਰਨ ਵਿਚ ਰੁੱਝੇ ਹੋਏ ਹਨ। ਵਿਧਾਨ ਸਭਾ ਹਲਕਾ ਧਰਮਕੋਟ ਵਿੱਚ ਵੀ ਇਸ ਵਾਰ ਚੋਣ ਮੁਕਾਬਲਾ ਕਾਫੀ ਦਿਲਚਸਪ ਰਿਹਾ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਧਰਮਕੋਟ ਵਿਧਾਨ ਸਭਾ ਸੀਟ ਲਈ 75 ਫ਼ੀਸਦ ਤੋਂ ਵੀ ਉੱਪਰ ਪੋਲਿੰਗ ਦਰਜ ਕੀਤੀ ਗਈ ਹੈ। ਸਥਾਨਕ ਕਸਬੇ ਵਿੱਚ 78 ਫ਼ੀਸਦ ਵੋਟ ਪੋਲ ਹੋਈ ਅਤੇ ਇਸ ਖੇਤਰ ਦੇ ਕਈ ਪਿੰਡਾਂ ਵਿੱਚ 80 ਫ਼ੀਸਦ ਤੋਂ ਵੀ ਉੱਪਰ ਪੋਲਿੰਗ ਹੋਈ। ਇਸ ਵਾਰ ਵੋਟਾਂ ਲਈ ਸ਼ਰਾਬ ਅਤੇ ਪੈਸੇ ਵੰਡਣ ਵਿੱਚ ਅਕਾਲੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਮੁਕਾਬਲਾ ਬਣਿਆ ਰਿਹਾ।ਨਜ਼ਦੀਕੀ ਪਿੰਡ ਕਿਲੀ ਗਾਂਧਰਾਂ ਸਮੇਤ ਹੋਰਨਾਂ ਅਨੇਕਾਂ ਪਿੰਡਾਂ ਵਿੱਚ 35 ਸੌ ਦੇ ਹਿਸਾਬ ਨਾਲ ਵੋਟਾਂ ਦੀ ਖਰੀਦੋ ਫ਼ਰੋਖਤ ਦੀਆਂ ਅੱਜ ਦਿਨ ਭਰ ਚਰਚਾਵਾਂ ਚੱਲਦੀਆਂ ਰਹੀਆਂ। ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਹਰਪ੍ਰੀਤ ਸਿੰਘ ਹੀਰੋ ਦੇ ਇਥੇ ਚੋਣ ਦਫ਼ਤਰ ਵਿੱਚ ਦਿਨ ਭਰ ਪਕੌੜਿਆਂ ਦਾ ਚਾਹ ਦਾ ਲੰਗਰ ਚਲਦਾ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਸਿਆਸੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰ ਰਵੀ ਗਰੇਵਾਲ ਦੇ ਚੋਣ ਬੂਥ ਦੀ ਚਰਚਾ ਲੋਕਾਂ ਦੀ ਜ਼ੁਬਾਨ ’ਤੇ ਹੈ। ਰਵੀ ਗਰੇਵਾਲ ਦੇ ਇੱਥੇ ਚੋਣ ਬੂਥ ’ਤੇ ਭਾਜਪਾ ਦਾ ਪੁਰਾਣਾ ਵਰਕਰ ਸੁਖਵਿੰਦਰ ਸਿੰਘ ਭਿੰਦਾ ਦਿਨ ਭਰ ਹਾਜ਼ਰ ਰਿਹਾ ਅਤੇ ਉਸ ਨੇ ਹੀ ਪੋਲਿੰਗ ਏਜੰਟ ਵਜੋਂ ਵੀ ਕੰਮ ਕੀਤਾ। ਇਸ ਉਮੀਦਵਾਰ ਦੀ ਹਲਕੇ ਅੰਦਰ ਚੋਣ ਪ੍ਰਚਾਰ ਮੁਹਿੰਮ ਵੀ ਕਾਫ਼ੀ ਮੱਧਮ ਦਿਖਾਈ ਦਿੱਤੀ। ਅੱਜ ਦਿਨ ਭਰ ਚਲਦੀਆਂ ਰਹੀਆਂ ਚਰਚਾਵਾਂ ਮੁਤਾਬਕ ਖੇਤਰ ਦੇ ਕਈ ਪਿੰਡਾਂ ਵਿਚ ‘ਆਪ’ ਨੂੰ ਹਰਾਉਣ ਲਈ ਅਕਾਲੀ ਅਤੇ ਕਾਂਗਰਸੀਆਂ ਨੇ ਫਰੈਂਡਲੀ ਮੈਚ ਵੀ ਖੇਡਿਆ।