ਪਵਨ ਗੋਇਲ
ਭੁੱਚੋ ਮੰਡੀ, 3 ਮਈ
ਕਰੋਨਾ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਲਗਾਈ ਗਈ ਤਾਲਾਬੰਦੀ ਦੀਆਂ ਨਵੀਂਆਂ ਹਦਾਇਤਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਅੱਜ ਸ਼ਹਿਰ ਵਿੱਚ ਪੁਲੀਸ ਪੂਰੀ ਤਰ੍ਹਾਂ ਮੁਸਤੈਦ ਰਹੀ। ਸੜਕਾਂ ’ਤੇ ਸੁੰਨ ਪੱਸਰੀ ਰਹੀ। ਚੌਕੀ ਇੰਚਾਰਜ ਜਗਰੂਪ ਸਿੰਘ ਨੇ ਪੁਲੀਸ ਪਾਰਟੀ ਸਮੇਤ ਵੱਖ ਵੱਖ ਬਾਜ਼ਾਰਾਂ ਵਿੱਚ ਮਾਰਚ ਕੀਤਾ ਅਤੇ ਗੈਰਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਬੰਦ ਕਰਵਾਈਆਂ। ਹਫ਼ਤਾਵਾਰੀ ਤਾਲਾਬੰਦੀ ਤੋਂ ਬਾਅਦ ਅੱਜ ਦੁਕਾਨਦਾਰਾਂ ਨੇ ਸਵੇਰ ਸਮੇਂ ਦੁਕਾਨਾਂ ਖੋਲ੍ਹ ਲਈਆਂ ਸਨ, ਜਦੋਂ ਕਿ ਸਰਕਾਰ ਨੇ 15 ਮਈ ਤੱਕ ਗੈਰਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੋਲ੍ਹਣ ’ਤੇ ਪਾਬੰਦੀ ਲਗਾ ਦਿੱਤੀ ਹੈ। ਪੁਲੀਸ ਅਤੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਸੁਚੇਤ ਕਰਦਿਆਂ ਲੋਕਾਂ ਦਾ ਦੁਕਾਨਾਂ ਅੱਗੇ ਇਕੱਠ ਨਾ ਹੋਣ ਦੇਣ ਦੀ ਅਪੀਲ ਕੀਤੀ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਪੰਜਾਬ ਸਰਕਾਰ ਵਲੋਂ ਲਗਾਏ ਲੌਕਡਾਊਨ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਪੁਲੀਸ ਨੇ ਅੱਜ ਸ਼ਹਿਰ ’ਚ ਗਸ਼ਤ ਕੀਤੀ ਅਤੇ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਨਿਰਦੇਸ਼ ਦਿੱਤੇ। ਅੱਜ ਜ਼ਿਆਦਾਤਰ ਦੁਕਾਨਾਂ ਬੰਦ ਦਿਖਾਈ ਦਿੱਤੀਆਂ ਅਤੇ ਗੈਰਜ਼ਰੂਰੀ ਵਸਤਾਂ ਦੀਆਂ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਸਨ ਉਹ ਪੁਲੀਸ ਨੇ ਸਖਤੀ ਨਾਲ ਬੰਦ ਕਰਵਾ ਦਿੱਤੀਆਂ। ਪੁਲੀਸ ਨੇ ਸੜਕਾਂ ’ਤੇ ਚੱਲਦੇ ਵਾਹਨਾਂ ਦੀ ਚੈਕਿੰਗ ਕੀਤੀ ਅਤੇ ਮਾਸਕ ਨਾ ਪਹਿਨਣ ਵਾਲਿਆਂ ਨੂੰ ਤਾੜਨਾ ਕੀਤੀ।
ਫਾਜ਼ਿਲਕਾ (ਪਰਮਜੀਤ ਸਿੰਘ): ਇਥੇ ਪੁਲੀਸ ਨੇ ਗਸ਼ਤ ਕੀਤੀ ਤੇ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਨ ਲਈ ਨਿਰਦੇਸ਼ ਦਿੱਤੇ। ਸ਼ਹਿਰ ਦੇ ਬਾਜ਼ਾਰਾਂ ਵਿੱਚ ਜ਼ਿਆਦਾਤਰ ਦੁਕਾਨਾਂ ਬੰਦ ਰਹੀਆਂ। ਉਧਰ, ਸੋਸ਼ਲ ਮੀਡੀਆ ’ਤੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਬਿਆਨ ਨੇ ਕਈ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ। ਲੋਕ ਮੁਕੰਮਲ ਲੌਕਡਾਊਨ ਲੱਗਣ ਦੀਆਂ ਗੱਲਾਂ ਕਰਦੇ ਨਜ਼ਰ ਆਏ।
ਮਾਲਵੇ ਦੀਆਂ ਹਰਿਆਣਾ ਨਾਲ ਲੱਗਦੀਆਂ ਸਰਹੱਦਾਂ ਸੀਲ
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਮਾਲਵਾ ਖੇਤਰ ਦੀਆਂ ਹਰਿਆਣਾ ਨਾਲ ਲੱਗਦੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਹਨ। ਸੂਬੇ ਦੇ ਗ੍ਰਹਿ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਤਹਿਤ 15 ਮਈ ਤੱਕ ਪੰਜਾਬ ਪੁਲੀਸ ਨੂੰ ਇਨ੍ਹਾਂ ਹੱਦਾਂ ਨੂੰ ਸੀਲ ਰੱਖਣ ਲਈ ਕਿਹਾ ਗਿਆ ਹੈ। ਇਸ ਤਹਿਤ ਮਾਨਸਾ ਤੋਂ ਇਲਾਵਾ ਬਠਿੰਡਾ ਤੇ ਪੰਜਾਬ ਦੇ ਹੋਰਨਾਂ ਸ਼ਹਿਰਾਂ ਵਿੱਚ ਦਿਨ-ਰਾਤ ਦੇ ਨਾਕੇ ਕਾਇਮ ਕੀਤੇ ਗਏ ਹਨ। ਮਾਨਸਾ ਜ਼ਿਲ੍ਹੇ ਦੀ ਸਰਦੂਲਗੜ੍ਹ ਸਬ-ਡਿਵੀਜ਼ਨ ਵਿੱਚ ਹਰਿਆਣਾ ਦੀ ਹੱਦ ਨੂੰ ਸੀਲ ਕਰਦਿਆਂ 8 ਨਾਕੇ ਲਗਾਏ ਗਏ ਹਨ ਅਤੇ ਇਸੇ ਤਰ੍ਹਾਂ ਬੁਢਲਾਡਾ ਸਬ-ਡਵੀਜ਼ਨ ਵਿੱਚ ਹਰਿਆਣਾ ਸੂਬੇ ਵੱਲੋਂ ਆਉਂਦੇ ਮੁੱਖ ਮਾਰਗਾਂ ਤੋਂ ਇਲਾਵਾ 3 ਨਾਕੇ ਕਾਇਮ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨਾਕਿਆਂ ਉਪਰ ਬਾਹਰਲੇ ਸੂਬਿਆਂ ’ਚੋਂ ਆਉਂਦੇ ਵਿਅਕਤੀਆਂ ਦੇ ਕਰੋਨਾ ਦੀ ਨੈਗੇਟਿਵ ਰਿਪੋਰਟ ਵੇਖਕੇ ਹੀ ਉਨ੍ਹਾਂ ਨੂੰ ਲੰਘਣ ਦੀ ਆਗਿਆ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਨਸਾ ਵਿੱਚ ਕੁਲ 55 ਨਾਕੇ ਲਗਾਏ ਗਏ ਹਨ।