ਪੱਤਰ ਪ੍ਰੇਰਕ
ਮੰਡੀ ਘੁਬਾਇਆ, 9 ਸਤੰਬਰ
ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਰਜਿਸਟਰ ਪੰਜਾਬ ਵੱਲੋਂ ਕਾਮਰੇਡ ਜਰਨੈਲ ਢਾਬਾਂ, ਹਰਚਰਨ ਪਾਲੀਵਾਲਾ ਦੀ ਅਗਵਾਈ ਵਿੱਚ ਬੀਡੀਪੀਓ ਦਾ ਪੁਤਲਾ ਫੂਕ ਕੇ ਮੁਜ਼ਾਹਰਾ ਕੀਤਾ ਗਿਆ। ਮਜ਼ਦੂਰਾਂ ਦੀਆਂ ਛੇ ਮਹੀਨਿਆਂ ਤੋਂ ਲਟਕਦੀਆਂ ਦੇਣਦਾਰੀਆਂ ਕੀਤੀਆਂ ਜਾਣ ਅਤੇ ਕੰਮ ਦੀ ਮੰਗ ਕਰਨ ’ਤੇ ਪੰਦਰਾਂ ਦਿਨਾਂ ਅੰਦਰ ਕੰਮ ਦਿੱਤਾ ਜਾਵੇ, ਜਿਨ੍ਹਾਂ ਮਜ਼ਦੂਰਾਂ ਦੇ ਕੰਮ ਦੇ 15 ਦਿਨਾਂ ਤੋ ਵੱਧ ਸਮਾਂ ਹੋ ਗਿਆ ਹੈ, ਉਸਦਾ ਭੱਤਾ ਦਿੱਤਾ ਜਾਵੇ ਆਦਿ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਦੀ ਚਿਤਾਵਨੀ ਦਿੱਤੀ ਗਈ ਸੀ ਕਿ 9 ਸਤੰਬਰ ਨੂੰ ਏਡੀਸੀ ਦਾ ਪੁਤਲਾ ਫੂਕਿਆ ਜਾਵੇਗਾ ਪਰ 7 ਸਤੰਬਰ ਨੂੰ ਪਹਿਲਾਂ ਹੀ ਤਾਲਮੇਲ ਕਰਕੇ ਏਡੀਸੀ ਨੇ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਡਾ ਮਸਲਾ ਹੱਲ ਕਰ ਦਿੱਤਾ ਜਾਵੇਗਾ ਜਿਸ ’ਤੇ ਏਪੀਓ ਜ਼ਿਲ੍ਹਾ ਫ਼ਾਜ਼ਿਲਕਾ ਦੀ ਤੇ ਬੀਡੀਪੀਓ ਦੀ ਡਿਊਟੀ ਲਗਾਈ ਗਈ ਸੀ ਪਰ ਅੱਜ ਉਡੀਕਣ ’ਤੇ ਵੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ। ਇਸ ਕਾਰਨ ਮਜਬੂਰ ਹੋ ਕੇ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ। ਸੈਂਕੜਿਆਂ ਦੀ ਗਿਣਤੀ ਵਿੱਚ ਹਾਜ਼ਰ ਮਨਰੇਗਾ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਨਰਿੰਦਰ ਢਾਬਾਂ ਨੇ ਦੱਸਿਆ ਕਿ ਇਕ ਪਿੰਡ ਦੇ ਪੈਸੇ ਪਿਛਲੇ ਛੇ ਮਹੀਨਿਆਂ ਤੋਂ ਲਟਕੇ ਹੋਏ ਹਨ ਤੇ ਕੰਮ ਦੀ ਮੰਗ ਕਰਨ ਤੋਂ ਦੋ ਮਹੀਨਿਆਂ ਬਾਅਦ ਵੀ ਕੰਮ ਨਹੀਂ ਦਿੱਤਾ ਜਾ ਰਹਾ ਜਿਸ ਕਾਰਨ ਮਜ਼ਦੂਰਾਂ ਨੂੰ ਵੱਡੀ ਸਮੱਸਿਆ ’ਚੋਂ ਗੁਜਰਣਾ ਪੈ ਰਿਹਾ ਹੈ।