ਜੋਗਿੰਦਰ ਸਿੰਘ ਮਾਨ
ਮਾਨਸਾ, 13 ਜੁਲਾਈ
ਕਪਾਹ ਪੱਟੀ ਵਿੱਚ ਗੁਲਾਬੀ ਸੁੰਡੀ ਤੋਂ ਬਾਅਦ ਹੁਣ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਹਮਲਾ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਗੁਲਾਬੀ ਸੁੰਡੀ ਦੇ ਹਮਲੇ ਨੂੰ ਲੈ ਕੇ ਇਸ ਤੋਂ ਪਹਿਲਾਂ ਬੀਤੀ ਕੱਲ੍ਹ ਪੰਜਾਬ ਸਰਕਾਰ ਦੀਆਂ ਵਿਸ਼ੇਸ ਟੀਮਾਂ ਵੱਲੋਂ ਅੱਠ ਜ਼ਿਲ੍ਹਿਆਂ ਮਾਨਸਾ ਤੋਂ ਇਲਾਵਾ ਬਠਿੰਡਾ, ਮੁਕਤਸਰ, ਫਰੀਦਕੋਟ, ਮੋਗਾ, ਫਾਜ਼ਿਲਕਾ, ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਭਾਵੇਂ ਇੱਕਾ-ਦੁੱਕਾ ਥਾਵਾਂ ’ਤੇ ਚਿੱਟੀ ਮੱਖੀ ਤੇ ਹਰੇ ਤੇਲੇ ਦੇ ਮਾਮਲੇ ਵੀ ਸਾਹਮਣੇ, ਪਰ ਮਹਿਕਮੇ ਦੇ ਮਾਹਿਰਾਂ ਵੱਲੋਂ ਇਸ ਨੂੰ ਈਟੀਐੱਲ ਲੈਵਲ ਤੋਂ ਥੱਲੇ ਕਰਾਰ ਦਿੱਤਾ ਗਿਆ।
ਬੀ.ਟੀ ਕਾਟਨ ਉਪਰ ਹਰਾ ਤੇਲਾ ਤੇ ਚਿੱਟੀ ਮੱਖੀ ਦਾ ਹਮਲੇ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਪਿੰਡਾਂ ਦੀਆਂ ਉਦਾਹਰਨਾਂ ਦਿੱਤੀਆਂ ਗਈਆਂ ਹਨ। ਪਿੰਡ ਫਫੜੇ ਭਾਈਕੇ ਦੇ ਸਰਪੰਚ ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਫਫੜੇ ਭਾਈਕੇ, ਬੱਪੀਆਣਾ, ਕੋਟਲੱਲੂ, ਦਲੇਲਸਿੰਘਵਾਲਾ ਵਿੱਚ ਚਿੱਟੀ ਮੱਖੀ ਤੇ ਹਰੇ ਤੇਲੇ ਦਾ ਹਮਲਾ ਹੋ ਗਿਆ ਹੈ, ਜਿਸ ਨਾਲ ਨਰਮੇ ਦੇ ਪੱਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪੰਜਾਬ ਕਿਸਾਨ ਯੂਨੀਅਨ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਿੰਡ ਠੂਠਿਆਂਵਾਲੀ, ਭੈਣੀਬਾਘਾ, ਘੁੰਮਣ, ਸੱਦਾ ਸਿੰਘ ਵਾਲਾ, ਭਾਈਦੇਸਾ, ਕੋਟਲੀ ਕਲਾਂ, ਕੋਟਲੀ ਖੁਰਦ ਦੇ ਖੇਤਾਂ ਵਿੱਚ ਜਾਣ ਤੋਂ ਪਤਾ ਲੱਗਦਾ ਹੈ ਕਿ ਗੁਲਾਬੀ ਸੁੰਡੀ ਦੇ ਨਾਲ-ਨਾਲ ਚਿੱਟੀ ਮੱਖੀ ਤੇ ਤੇਲੇ ਦੇ ਹਮਲੇ ਨਾਲ ਨਰਮੇ ਦੀ ਫ਼ਸਲ ਦਾ ਕੱਦ ਵਧਣਾ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਮਹਿਕਮੇ ਨੂੰ ਲਗਾਤਾਰ ਖੇਤਾਂ ਵਿੱਚ ਰਹਿਣ ਦੀ ਲੋੜ ਹੈ ਤਾਂ ਜੋ ਕਿਸਾਨਾਂ ਨੂੰ ਸਮੇਂ ਸਿਰ ਸੁਚੇਤ ਕੀਤਾ ਜਾ ਸਕੇ। ਇਸੇ ਦੌਰਾਨ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜਦੋਂ ਗੁਲਾਬੀ ਸੁੰਡੀ, ਚਿੱਟੀ ਮੱਖੀ ਤੇ ਮਿਲੀਬੱਗ ਆਊਟ ਆਫ਼ ਕੰਟਰੋਲ ਹੋਏ ਹਨ ਤਾਂ ਉਸ ਵੇਲੇ ਖੇਤੀ ਮਹਿਕਮੇ ਦੀ ਸੁਸਤੀ ਹੀ ਜ਼ਿੰਮੇਵਾਰ ਮੰਨੀ ਗਈ ਹੈ। ਇਸੇ ਦੌਰਾਨ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫ਼ਸਰ ਡਾ. ਮਨਜੀਤ ਸਿੰਘ ਨੇ ਖੇਤਾਂ ਦਾ ਦੌਰਾ ਕਰਨ ਤੋਂ ਪਿੱਛੋਂ ਦੱਸਿਆ ਕਿ ਹਰੇ ਤੇਲੇ ਤੇ ਚਿੱਟੀ ਮੱਖੀ ਦਾ ਭਾਵੇਂ ਕਿਤੇ-ਕਿਤੇ ਹਮਲਾ ਹੋਇਆ ਹੈ, ਪਰ ਇਹ ਫਿਲਹਾਲ ਕੰਟਰੋਲ ਹੇਠ ਹੈ। ਇਸ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕਪਾਹ ਮਾਹਿਰਾਂ ਨੇ ਨਰਮੇ ’ਤੇ ਕਿਸੇ ਰੋਗ ਤੋਂ ਬਚਾਅ ਲਈ ਕੋਈ ਦਵਾਈ ਛਿੜਕਣ ਦੀ ਸਿਫਾਰਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਨਿੰਮ ਦੀਆਂ ਨਿਮੋਲੀਆਂ ਦੀ ਨਰਮੇ ’ਤੇ ਸਪਰੇਅ ਕਰ ਸਕਦੇ ਹਨ। ਉਂਝ ਖੇਤੀਬਾੜੀ ਮਹਿਕਮੇ ਦੇ ਮਹਿਰਾਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੈਸੇ ਨਰਮੇ ਉਤੇ ਰਸ ਚੂਸਣ ਵਾਲੇ ਕੀੜਿਆਂ ’ਚੋਂ ਤੇਲਾ, ਚਿੱਟੀ ਮੱਖੀ ਬਹੁਤ ਖ਼ਤਰਨਾਕ ਹਨ ਤੇ ਇਹ ਜੁਲਾਈ ਤੋਂ ਸਤੰਬਰ ਤੱਕ ਇਸ ਫ਼ਸਲ ਦਾ ਨੁਕਸਾਨ ਕਰ ਸਕਦੇ ਹਨ।
ਗੰਗਾ ਦੇ ਕਿਸਾਨ ਨੇ ਤਿੰਨ ਏਕੜ ਨਰਮਾ ਵਾਹਿਆ
ਨਥਾਣਾ (ਭਗਵਾਨ ਦਾਸ ਗਰਗ) ਹਰੇ ਤੇਲੇ ਅਤੇ ਚਿੱਟੇ ਮੱਛਰ ਕਾਰਨ ਨਰਮੇ ਦੀ ਬਰਬਾਦ ਹੋ ਰਹੀ ਫ਼ਸਲ ਕਿਸਾਨ ਨੂੰ ਮਜਬੂਰੀ ਵੱਸ ਵਾਹੁਣੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਲਾਗਲੇ ਪਿੰਡ ਗੰਗਾ ਦੇ ਮੱਧਵਰਗੀ ਕਿਸਾਨ ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਨੇ ਆਪਣੇ ਖੇਤਾਂ ਵਿੱਚ ਤਿੰਨ ਏਕੜ ਰਕਬੇ ਵਿੱਚ ਨਰਮੇ ਦੀ ਬਿਜਾਈ ਕੀਤੀ ਸੀ। ਮੁੱਢਲੇ ਪੜਾਅ ’ਤੇ ਫ਼ਸਲ ਚੰਗੀ ਦਿਖਾਈ ਦੇ ਰਹੀ ਸੀ ਪਰ ਡੇਢ ਮਹੀਨਾ ਪਹਿਲਾਂ ਇਸ ਉੱਪਰ ਚਿੱਟੇ ਮੱਛਰ ਦਾ ਹਮਲਾ ਸ਼ੁਰੂ ਹੋ ਗਿਆ ਅਤੇ ਕੁਝ ਦਿਨਾਂ ਦੇ ਵਕਫੇ ਬਾਅਦ ਹਰੇ ਤੇਲੇ ਨੇ ਵੀ ਫ਼ਸਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਿਸਾਨ ਮੁਤਾਬਕ ਉਹ ਹੁਣ ਤੱਕ ਵੱਖ ਵੱਖ ਕੀਟਨਾਸ਼ਕਾਂ ਦੇ ਚਾਰ ਛਿੜਕਾਅ ਕਰ ਚੁਕਿੱਆ ਹੈ। ਉਸ ਅਨੁਸਾਰ ਜਿੰਨਾਂ ਸਮਾਂ ਫ਼ਸਲ ਉੱਪਰ ਕੀਟਨਾਸ਼ਕ ਦਵਾਈ ਦਾ ਅਸਰ ਰਹਿੰਦਾ ਸੀ, ਸਿਰਫ਼ ਉਨ੍ਹਾ ਸਮਾਂ ਹੀ ਇਸ ਬੀਮਾਰੀ ਤੋਂ ਬਚਾਅ ਸੀ ਪਰ ਜ਼ਹਿਰੀਲੀ ਦਵਾਈ ਦਾ ਅਸਰ ਘਟਦੇ ਸਾਰ ਹੀ ਨਰਮੇ ਦੀ ਇਹ ਫ਼ਸਲ ਬੀਮਾਰੀ ਦੀ ਮਾਰੂ ਲਪੇਟ ’ਚ ਆ ਜਾਂਦੀ ਸੀ। ਪੀੜਤ ਕਿਸਾਨ ਅਨੁਸਾਰ ਉਸ ਨੇ ਖੇਤੀ ਮਾਹਿਰਾਂ ਨਾਲ ਵੀ ਗੱਲਬਾਤ ਕੀਤੀ ਪਰ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ। ਕਿਸਾਨ ਨੇ ਅੱਜ ਮਜਬੂਰ ਹੋ ਕੇ ਨਰਮੇ ਦੀ ਤਿੰਨ ਏਕੜ ਫਸਲ ਵਾਹ ਦਿੱਤੀ। ਪੀੜਤ ਕਿਸਾਨ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਗਿਰਦਾਵਰੀ ਕਰਵਾ ਕੇ ਉਸ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ।