ਨਿਜੀ ਪੱਤਰ ਪ੍ਰੇਰਕ
ਮੋਗਾ, 6 ਅਪਰੈਲ
ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਸੇਵਾ ਕੇਂਦਰ ਐਤਵਾਰ ਵੀ ਖੋਲ੍ਹਣ ਲਈ ਹੁਕਮ ਜਾਰੀ ਕੀਤਾ ਹੈ। ਉਨ੍ਹਾਂ ਦੱਸਿਆ ਕਿ ਹੁਣ ਸੇਵਾ ਕੇਂਦਰ ਐਤਵਾਰ ਸਣੇ ਹਫ਼ਤੇ ਦੇ ਸੱਤੇ ਦਿਨ ਖੁੱਲੇਗਾ ਤੇ ਦੋ ਸ਼ਿਫਟਾਂ ’ਚ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਦਾ ਸਮਾਂ 7 ਅਪਰੈਲ 2022 ਤੋਂ 7 ਮਈ, 2022 ਤੱਕ ਬਦਲ ਕੇ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਲੋਕ ਹੁਣ ਨਵੇਂ ਹੁਕਮਾਂ ਤਹਿਤ ਹਫ਼ਤੇ ਦੇ ਸੱਤੇ ਦਿਨ ਸੇਵਾ ਕੇਂਦਰਾਂ ਤੋਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਵੀਂ ਸਮਾਂ ਸਾਰਣੀ ਅਨੁਸਾਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਇਕ ਸ਼ਿਫ਼ਟ ’ਚ 50 ਫ਼ੀਸਦੀ ਸਟਾਫ਼ ਦੀ ਸਮਰੱਥਾ ਨਾਲ ਕੰਮ ਕਰੇਗਾ ਜਦੋਂਕਿ ਬਾਕੀ ਦਾ 50 ਫ਼ੀਸਦੀ ਸਟਾਫ਼ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੂਜੀ ਸ਼ਿਫਟ ’ਚ ਕੰਮ ਕਰੇਗਾ। ਉਨ੍ਹਾਂ ਦੱਸਿਆ ਕਿ ਸ਼ਨਿਚਰਵਾਰ-ਐਤਵਾਰ ਨੂੰ ਸਿਰਫ਼ ਇਕ ਸ਼ਿਫਟ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 50 ਫ਼ੀਸਦੀ ਕਰਮਚਾਰੀਆਂ ਨਾਲ ਕੰਮ ਕਰੇਗੀ।
ਦੋਦਾ (ਪੱਤਰ ਪ੍ਰੇਰਕ) ਸੇਵਾ ਕੇਂਦਰ ’ਚ ਲੋਕਾਂ ਦੀ ਸਹੂਲਤ ਲਈ ਸੇਵਾ ਕੇਂਦਰਾਂ ਵਿੱਚ ਕੰਮਕਾਜ ਤੇ ਸਮੇਂ ਵਿੱਚ 7 ਅਪਰੈਲ ਤੋਂ ਤਬਦੀਲੀ ਕੀਤੀ ਗਈ ਹੈ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਤੇ ਸ਼ਨਿਚਰਵਾਰ-ਐਤਵਾਰ ਨੂੰ ਸੇਵਾ ਕੇਂਦਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਲੋਕਾਂ ਨੂੰ ਸੇਵਾਵਾ ਮੁਹੱਈਆ ਕਰਵਾਉਣ ਲਈ ਖੁੱਲੇ ਰਹਿਣਗੇ। ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮਿਸ ਰਾਜਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 15 ਸੇਵਾ ਕੇਂਦਰ ਚੱਲ ਰਹੇ ਹਨ।