ਗੁਰਪ੍ਰੀਤ ਦੌਧਰ
ਅਜੀਤਵਾਲ, 3 ਫਰਵਰੀ
ਨਾਵਲਕਾਰ ਜਸਵੰਤ ਸਿੰਘ ਕੰਵਲ ਦੀ ਪਹਿਲੀ ਬਰਸੀ ’ਤੇ ਪੰਜਾਬੀ ਲੇਖਕ ਪਾਠਕ ਮੰਚ ਢੁੱਡੀਕੇ ਵੱਲੋਂ ਸੰਤ ਉਜਾਗਰ ਸਿੰਘ ਯਾਦਗਾਰੀ ਹਾਲ ਢੁੱਡੀਕੇ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ ਅਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਸਾਹਿਤਕ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ ਜਨ. ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਸਰਬਜੀਤ ਸਿੰਘ ਪੁੱਤਰ ਸਵ. ਜਸਵੰਤ ਸਿੰਘ ਕੰਵਲ, ਪ੍ਰਿੰਸੀਪਲ ਬਲਦੇਵ ਬਾਵਾ, ਨਿਰਭੈ ਸਿੰਘ ਸੰਗਰੂਰ ਅਤੇ ਡਾ. ਮੇਜਰ ਸਿੰਘ ਤਤਲਾ ਸ਼ਾਮਲ ਸਨ। ਇਸ ਦੌਰਾਨ ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ 2 ਮਿੰਟ ਦਾ ਮੌਨ ਧਾਰਿਆ ਗਿਆ, ਉਪਰੰਤ ਜਸਵੀਰ ਸਿੰਘ ਕਲਸੀ ਨੇ ਜਸਵੰਤ ਸਿੰਘ ਕੰਵਲ ਦੀ ਲੋਕ ਪੱਖੀ ਵਿਚਾਰਧਾਰਾ ਦਾ ਪਰਚਾ ਪੜ੍ਹਿਆ। ਮਾਸਟਰ ਹਰੀ ਸਿੰਘ ਢੁੱਡੀਕੇ ਨੇ ਸਵ. ਕੰਵਲ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਕੰਵਲ ਦੇ ਪੋਤਰੇ ਹਰਮੀਤ ਸਿੰਘ ਨੇ ਸਮੂਹ ਲੇਖਕਾਂ ਪਾਠਕਾਂ ਨੂੰ ਉਨ੍ਹਾਂ ਨਾਲ ਜੁੜੀਆਂ ਯਾਦਾਂ ਪ੍ਰੀਵਾਰ ਨੂੰ ਲਿਖਕੇ ਭੇਜਣ ਦੀ ਅਪੀਲ ਕੀਤੀ। ਸਟੇਜ ਦੀ ਕਾਰਵਾਈ ਪ੍ਰਧਾਨ ਮਾਸਟਰ ਗੁਰਚਰਨ ਸਿੰਘ ਨੇ ਚਲਾਈ। ਇਸ ਮੌਕੇ ਗਾਇਕ ਜੀਐੱਸ ਪੀਟਰ, ਚਮਕੌਰ ਸਿੰਘ ਬਾਘੇਵਾਲੀਆ, ਪਰਮਜੀਤ ਸਿੰਘ ਚੂਹੜਚੱਕ, ਨਰਾਇਣ ਸਿੰਘ, ਅਮਰਜੀਤ ਅਮਨਾ ਡਾ. ਅਸ਼ੋਕ ਚਟਾਨੀ ਅਤੇ ਹਰਜਿੰਦਰ ਸਿੰਘ ਬੱਗਾ ਹਾਜ਼ਰ ਸਨ।