ਇਕਬਾਲ ਸਿੰਘ ਸ਼ਾਂਤ
ਲੰਬੀ, 3 ਨਵੰਬਰ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਫੂਡ ਸੇਫ਼ਟੀ ਅਫਸਰ ਨੇ ਮੰਡੀ ਕਿੱਲਿਆਂਵਾਲੀ ’ਚ ਇੱਕ ਪੇਠਾ ਫੈਕਟਰੀ ਦੇ ਬਾਹਰ ਨੋਟਿਸ ਚਿਪਕਾ ਕੇ ਲੋਕਾਂ ਨੂੰ ਉਥੋਂ ਸਾਮਾਨ ਨਾ ਖਰੀਦਣ ਲਈ ਚੌਕਸ ਕੀਤਾ ਹੈ। ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਦੀ ਅਗਵਾਈ ਵਾਲੀ ਟੀਮ ਨੇ ਪੇਠਾ ਫੈਕਟਰੀ ਵਿੱਚੋਂ ਪੇਠੇ ਦਾ ਸੈਂਪਲ ਵੀ ਭਰਿਆ ਹੈ। ਬਾਹਰ ਚਿਪਕਾਏ ਨੋਟਿਸ ’ਚ ਉਥੇ ਬਣ ਰਹੇ ਪੇਠੇ ਦੀ ਗੰਦਗੀ ਦਾ ਬਕਾਇਦਾ ਤੌਰ ’ਤੇ ਜ਼ਿਕਰ ਹੈ। ਬਠਿੰਡਾ ਜ਼ਿਲ੍ਹੇ ਦੀ ਹੱਦ ਨੇੜੇ ਸਥਿਤ ਮੰਡੀ ਕਿੱਲਿਆਂਵਾਲੀ ਦੇ ਰਕਬੇ ’ਚ ਸਥਿਤ ਪੇਠਾ ਫੈਕਟਰੀ ਕੋਲ ਫੂਡ ਸੇਫ਼ਟੀ ਲਾਇਸੰਸ ਵੀ ਨਹੀਂ ਹੈ। ਇਸ ਫੈਕਟਰੀ ਵਿੱਚੋਂ ਡੱਬਵਾਲੀ, ਮੰਡੀ ਕਿੱਲਿਆਂਵਾਲੀ, ਲੰਬੀ ਅਤੇ ਸੰਗਤ ਖੇਤਰ ਦੇ ਪਿੰਡਾਂ-ਕਸਬਿਆਂ ’ਚ ਵੱਡੇ ਪੱਧਰ ’ਤੇ ਪੇਠਾ ਸਪਲਾਈ ਹੋ ਰਿਹਾ ਹੈ।
ਵਿਭਾਗ ਦੇ ਨੋਟਿਸ ਚਿਪਾਉਣ ਦੇ ਬਾਵਜੂਦ ਡੱਬਵਾਲੀ ਦੇ ਕਈ ਦੁਕਾਨਦਾਰ ਫੈਕਟਰੀ ਵਿੱਚੋਂ ਪੇਠੇ ਦੀ ਖੇਪ ਲਿਜਾਂਦੇ ਵੇਖੇ ਗਏ।
ਜ਼ਿਲ੍ਹਾ ਫੂਡ ਸੇਫ਼ਟੀ ਅਫ਼ਸਰ ਅਭਿਨਵ ਖੋਸਲਾ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਨਿਰਦੇਸ਼ਾਂ ’ਤੇ ਉਕਤ ਫੈਕਟਰੀ ਦੀ ਪੜਤਾਲ ਲਈ ਪੁੱਜੇ ਹਨ। ਇੱਥੇ ਪੇਠਾ ਬਣਾਉਣ ਉਪਰੰਤ ਰਹਿੰਦ-ਖੁਹੰਦ ਵਗੈਰਾ ਸੁੱਟਣ ਅਤੇ ਹੋਰ ਥਾਵਾਂ ’ਤੇ ਕਾਫ਼ੀ ਗੰਦਗੀ ਪਾਈ ਗਈ। ਇੱਥੋਂ ਦੇ ਪ੍ਰਬੰਧ ਫੂਡ ਸੇਫ਼ਟੀ ਨਿਯਮਾਂ ਦੀ ਖੁੱਲ੍ਹੇਆਮ ਉਲੰਘਣਾ ਹਨ।
ਕੀ ਕਹਿੰਦਾ ਹੈ ਫੈਕਟਰੀ ਦਾ ਮਾਲਕ
ਪੇਠਾ ਫੈਕਟਰੀ ਦੇ ਮਾਲਕ ਦੀਪਕ ਗਰਗ ਨੇ ਦੱਸਿਆ ਕਿ ਇਸ ਫੈਕਟਰੀ ਨੂੰ ਉਸ ਦਾ ਮਰਹੂਮ ਪਿਤਾ ਸੋਹਣ ਲਾਲ ਭਾਊ ਚਲਾਉਂਦਾ ਸੀ। ਉਸ ਨੂੰ ਇਸ ਕਿੱਤੇ ਦੀ ਕੋਈ ਜਾਣਕਾਰੀ ਨਹੀਂ। ਉਸ ਨੇ ਆਗਰਾ ਵਾਸੀ ਲਾਇਕ ਸਿੰਘ ਨੂੰ ਪੇਠਾ ਬਣਾਉਣ ਲਈ ਫੈਕਟਰੀ ਕਿਰਾਏ ’ਤੇ ਦਿੱਤੀ ਹੈ। ਲਾਇਕ ਸਿੰਘ ਦਾ ਕਹਿਣਾ ਸੀ ਕਿ ਪੇਠਾ ਬਣਾਉਣ ’ਚ ਸਫ਼ਾਈ ਪ੍ਰਤੀ ਕੋਈ ਅਣਗਹਿਲੀ ਨਹੀਂ ਹੈ। ਇਹ ਕਾਰਵਾਈ ਇੱਕ ਝੂਠੀ ਅਤੇ ਬਲੈਕਮੇਲਿੰਗ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ।