ਮਹਿੰਦਰ ਸਿੰਘ ਰੱਤੀਆਂ
ਮੋਗਾ, 17 ਸਤੰਬਰ
ਸੂਬੇ ਵਿੱਚ 30 ਸਤੰਬਰ ਤੱਕ ਰੇਤਾ ਖੁਦਾਈ ਉੱਤੇ ਪਾਬੰਦੀ ਦੇ ਬਾਵਜੂਦ ਨਾਜਾਇਜ਼ ਮਾਈਨਿੰਗ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਪਰਲੀ ਸਖ਼ਤੀ ਤੇ ‘ਹੇਠਲੇ ਕਥਿਤ ਸਿਆਸੀ ਦਬਾਅ’ ਅੱਗੇ ਪ੍ਰਸ਼ਾਸਨ ਕਾਲਾਬਜ਼ਾਰੀ ਰੋਕਣ ’ਚ ਬੇਵੱਸ ਹੈ। ਇੱਥੇ ਰੇਤ ਠੇਕੇਦਾਰਾਂ ਵੱਲੋਂ ਕਰੀਬ 4 ਕਰੋੜ ਰੁਪਏ ਦੀ ਰਾਸ਼ੀ ਨਾ ਦੇਣ ਉੱਤੇ ਉਨ੍ਹਾਂ ਨੂੰ ਵਿਭਾਗ ਨੇ ਨੋਟਿਸ ਜਾਰੀ ਕੀਤੇ ਹਨ। ਇੱਥੇ ਮਾਈਨਿੰਗ ਵਿਭਾਗ ਨੇ ਪਿੰਡ ਲੌਗੀਵਿੰਡ ਵਿੱਚ ਨਾਜਾਇਜ਼ ਖੱਡ ’ਚੋਂ ਰੇਤ ਨਿਕਾਸੀ ਕਰਦੀ ਮਸ਼ੀਨਰੀ ਜ਼ਬਤ ਕੀਤੀ ਹੈ। ਮਾਈਨਿੰਗ ਵਿਭਾਗ ਦੇ ਇੰਸਪੈਕਟਰ ਲਵਪ੍ਰੀਤ ਸਿੰਘ ਦੀ ਸ਼ਿਕਾਇਤ ਉਤੇ ਥਾਣਾ ਕੋਟ ਈਸੇ ਖਾਂ ਪੁਲੀਸ ਨੇ ਅਣਪਛਾਤੇ ਰੇਤ ਮਾਫ਼ੀਆ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਅਤੇ ਜ਼ਿਲ੍ਹਾ ਮਾਈਨਿੰਗ ਅਫ਼ਸਰ ਰਮਣੀਕ ਉਪਲ ਨੇ ਕਿਹਾ ਕਿ ਜ਼ਿਲ੍ਹੇ ’ਚ ਸਿਰਫ਼ ਦੋ ਪ੍ਰਮਾਣਿਤ ਖੱਡਾਂ ਪਿੰਡ ਬਾਸੀਆਂ ਤੇ ਸੰਘੇੜਾ ਹਨ ਅਤੇ ਤਕਰੀਬਨ 6 ਖੱਡਾਂ ਬੰਦ ਹਨ। ਉਨ੍ਹਾਂ ਦੱਸਿਆ ਕਿ ਠੇਕੇਦਾਰਾਂ ਤੋਂ ਕਰੀਬ 4 ਕਰੋੜ ਦੀ ਰਾਸ਼ੀ ਵਸੂਲਣ ਲਈ ਨੋਟਿਸ ਜਾਰੀ ਕੀਤੇ ਗਏ ਹਨ ਅਤੇ ਅਦਾਇਗੀ ਨਾ ਹੋਣ ਉੱਤੇ ਉਨ੍ਹਾਂ ਦੀ ਜਾਇਦਾਦ ਕੁਰਕ ਆਦਿ ਕਰਨ ਦੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਐੱਨਜੀਟੀ ਵੱਲੋਂ ਨਾਜਾਇਜ਼ ਖਣਨ ’ਤੇ ਜੁਰਮਾਨਾ ਰਾਸ਼ੀ ’ਚ ਭਾਰੀ ਵਾਧਾ ਕਰ ਦਿੱਤਾ ਗਿਆ ਹੈ। ਜਾਰੀ ਨਵੇਂ ਨੋਟੀਫ਼ਿਕੇਸ਼ਨ ਮੁਤਾਬਕ ਹੁਣ 5 ਸਾਲ ਤੱਕ ਪੁਰਾਣੇ 25 ਲੱਖ ਕੀਮਤ ਵਾਲੇ ਵਾਹਨ ਨੂੰ 4 ਲੱਖ, 10 ਸਾਲ ਤੱਕ ਪੁਰਾਣੇ ਵਾਹਨ ਨੂੰ 3 ਲੱਖ ਅਤੇ ਇਸ ਤੋਂ ਵੱਧ 2 ਲੱਖ ਰੁਪਏ ਜੁਰਮਾਨਾ ਹੋਵੇਗਾ।