ਜੋਗਿੰਦਰ ਸਿੰਘ ਮਾਨ
ਮਾਨਸਾ, 9 ਜਨਵਰੀ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਯਾਦ ਵਿੱਚ ਬਣੇ ਨਹਿਰੂ ਮੈਮੋਰੀਅਲ ਸਰਕਾਰੀ ਪੋਸਟ ਗਰੈਜੂਏਟ ਕਾਲਜ ਮਾਨਸਾ ਵਿੱਚ 26 ਲੈਕਚਰਾਰਾਂ ਵਿੱਚੋਂ ਕੋਈ ਵੀ ਰੈਗੂਲਰ ਪ੍ਰੋਫੈਸਰ ਦੀ ਆਸਾਮੀ ਪਿਛਲੇ 15 ਸਾਲਾਂ ਤੋਂ ਨਹੀਂ ਭਰੀ ਗਈ ਜਦਕਿ ਖਾਲੀ ਅਸਾਮੀਆਂ ’ਤੇ ਪਾਰਟ-ਟਾਈਮ, ਗੈਸਟ ਫੈਕਲਟੀ ਅਤੇ ਠੇਕਾ ਪ੍ਰਣਾਲੀ ਵਾਲੇ ਕੰਮ ਚਲਾ ਰਹੇ ਹਨ ਅਤੇ ਨਾ ਹੀ ਕੋਈ ਪੱਕਾ ਪ੍ਰਿੰਸੀਪਲ ਹੈ। ਜ਼ਿਲ੍ਹੇ ਵਿੱਚ ਇਸ ਸਮੇਂ ਸਿਰਫ਼ ਇੱਕ ਸਰਕਾਰੀ ਕਾਲਜ, ਤਿੰਨ ਯੂਨੀਵਰਸਿਟੀ ਕਾਲਜ, ਦੋ ਸ਼੍ਰੋਮਣੀ ਕਮੇਟੀ ਦੇ ਕਾਲਜ ਅਤੇ ਚਾਰ ਪ੍ਰਾਈਵੇਟ ਕਾਲਜ ਮੌਜੂਦ ਹਨ।
ਪਤਾ ਲੱਗਾ ਹੈ ਕਿ ਨਹਿਰੂ ਕਾਲਜ ਵਿੱਚ ਇਸ ਸਮੇਂ ਕੋਈ ਪੱਕਾ ਪ੍ਰਿੰਸੀਪਲ ਨਹੀਂ ਹੈ ਅਤੇ ਪੜ੍ਹਾਈ ਦਾ ਕਾਰਜ ਗੈਸਟ ਫੈਕਲਟੀ ਅਤੇ ਪਾਰਟ ਟਾਈਮ ਲੈਕਚਰਾਰਾਂ ਦੇ ਸਹਾਰੇ ਚੱਲ ਰਿਹਾ ਹੈ, ਜਿਨ੍ਹਾਂ ਨੂੰ ਸਰਕਾਰ ਵੱਲੋਂ ਪਹਿਲਾਂ ਹੀ ਬਹੁਤ ਘੱਟ ਤਨਖਾਹ ’ਤੇ ਰੱਖਿਆ ਹੋਇਆ ਹੈ। ਬੱਚਿਆਂ ਦੀ ਮੌਜੂਦਾ ਗਿਣਤੀ ਦੇ ਹਿਸਾਬ ਨਾਲ ਕਾਲਜ ਵਿੱਚ 60 ਪੱਕੇ ਲੈਕਚਰਾਰਾਂ ਦੀ ਜ਼ਰੂਰਤ ਹੈ ਅਤੇ ਸਟਾਫ਼ ਦੀ ਉਪਲਬੱਧਤਾ ਪੱਖੋਂ ਇਹ ਪੁਜੀਸ਼ਨ ਪੰਜਾਬ ਦੇ ਸਾਰੇ ਕਾਲਜਾਂ ਨਾਲੋਂ ਮਾੜੀ ਹੈ। ਕਾਲਜ ਵਿੱਚ ਖਾਲੀ ਆਸਾਮੀਆਂ ਦੇ ਮਾਮਲੇ ਨੂੰ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵਿਧਾਨ ਸਭਾ ਵਿੱਚ ਇੱਕ ਸਵਾਲ ਉਠਾ ਕੇ ਵੀ ਉਭਾਰਿਆ ਸੀ ਪਰ ਇਸ ਦੇ ਬਾਵਜੂਦ ਨਾ ਆਸਾਮੀਆਂ ਨੂੰ ਭਰਿਆ ਗਿਆ ਹੈ ਅਤੇ ਨਾ ਹੀ ਪੰਜਾਬੀ ਅਤੇ ਰਾਜਨੀਤੀ ਸ਼ਾਸਤਰ ਤੋਂ ਬਿਨਾਂ ਕੋਈ ਹੋਰ ਐੱਮ.ਏ. ਆਈ ਹੈ। ਵਿਧਾਇਕ ਵੱਲੋਂ ਮੰਗ ਕੀਤੀ ਗਈ ਸੀ ਕਿ ਗਣਿਤ, ਇਕਨਾਮਿਕਸ, ਅੰਗਰੇਜ਼ੀ, ਇਤਿਹਾਸ, ਸਮਾਜ ਵਿਗਿਆਨ, ਹਿੰਦੀ, ਮਨੋਵਿਗਿਆਨ, ਜੌਗਰਾਫੀ, ਫਾਈਨ ਆਰਟਸ ਅਤੇ ਸਰੀਰਕ ਸਿੱਖਿਆ ਵਿਸ਼ਿਆਂ ਦੀ ਐੱਮਏ ਸ਼ੁਰੂ ਕੀਤੀ ਜਾਵੇ, ਪਰ ਇਸ ਕਾਲਜ ਵਿੱਚ ਦਰਜਨਾਂ ਅਜਿਹੇ ਵਿਸ਼ੇ ਹਨ, ਜਿਨ੍ਹਾਂ ਨੂੰ ਬੀ.ਏ. ਵਿੱਚ ਪੜ੍ਹਾਉਣ ਦਾ ਬੰਦੋਬਸਤ ਨਹੀਂ ਹੋ ਸਕਿਆ।
ਇਸੇ ਤਰ੍ਹਾਂ ਕਸਬਿਆਂ ਬਰੇਟਾ, ਬਰ੍ਹੇ, ਬੋਹਾ, ਫੱਤਾ ਮਾਲੋਕਾ, ਜੋਗਾ, ਰੱਲਾ, ਫਫੜੇ ਭਾਈਕੇ, ਭੈਣੀਬਾਘਾ, ਜੌੜਕੀਆਂ, ਸੰਘਾ, ਭੀਖੀ, ਬੁਢਲਾਡਾ ਅਤੇ ਕੁਲਰੀਆਂ ਵਿੱਚ ਕੋਈ ਵੀ ਸਰਕਾਰੀ ਕਾਲਜ ਮੌਜੂਦ ਨਹੀਂ ਹਨ, ਜਿਸ ਕਰਕੇ ਇਨ੍ਹਾਂ ਖੇਤਰਾਂ ਦੇ ਹਜ਼ਾਰਾਂ ਬੱਚੇ ਬਾਰ੍ਹਵੀਂ ਉਪਰੰਤ ਪੜ੍ਹਾਈ ਛੱਡ ਜਾਂਦੇ ਹਨ।