ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 2 ਸਤੰਬਰ
ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਭਗਤਾ ਭਾਈ ਦੇ ਮਲੂਕਾ, ਕੋਠਾ ਗੁਰੂ ਤੇ ਗੁਰੂਸਰ ਪਿੰਡਾਂ ਵਿੱਚ ਜਥੇਬੰਦੀ ਦੇ ਸੁਬਾਈ ਆਗੂ ਹਰਵਿੰਦਰ ਕੌਰ ਬਿੰਦੂ ਤੇ ਬਲਾਕ ਆਗੂ ਪਾਲਾ ਸਰਦਾਰ ਦੀ ਅਗਵਾਈ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਜਿਸ ’ਚ ਵੱਡੀ ਗਿਣਤੀ ਵਿੱਚ ਔਰਤਾਂ ਨੇ ਭਾਗ ਲਿਆ। ਸੂਬਾ ਆਗੂ ਹਰਵਿੰਦਰ ਕੌਰ ਬਿੰਦੂ ਨੇ ਕਿਹਾ ਕਿ ਔਰਤਾਂ ਸਾਡੇ ਸਮਾਜ ਦੀ ਅੱਧ ਦੀ ਤਾਕਤ ਹਨ ਤੇ ਔਰਤਾਂ ਤੋਂ ਬਿਨਾਂ ਕੋਈ ਸੰਘਰਸ਼ ਜਿੱਤਿਆ ਨਹੀਂ ਜਾ ਸਕਦਾ। ਇਸ ਕਰਕੇ ਔਰਤਾਂ ਨੂੰ ਮਰਦਾਂ ਦੇ ਮੋਡੇ ਨਾਲ ਮੋਢਾ ਲਾ ਕੇ ਸ਼ੰਘਰਸ਼ਾਂ ਵਿੱਚ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਮੋਰਚੇ ਵਿੱਚ ਵੀ ਔਰਤਾਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰ ਰਹੀਆਂ ਹਨ।
ਬਰਨਾਲਾ (ਪਰਸ਼ੋਤਮ ਬੱਲੀ): ਕੇਂਦਰੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸਥਾਨਕ ਰੇਲਵੇ ਸਟੇਸ਼ਨ ’ਤੇ ਲੱਗੇ ਸੰਯੁਕਤ ਧਰਨੇ ਦੌਰਾਨ ਅੱਜ 337 ਵੇਂ ਦਿਨ ਦੇ ਬੁਲਾਰਿਆਂ ਨੇ ਦਿੱਲੀ ਪੁਲਿਸ ਵੱਲੋਂ ਕਿਸਾਨਾਂ ਨੂੰ ਦੁਬਾਰਾ ਨੋਟਿਸ ਭੇਜਣ ਬਾਰੇ ਚਰਚਾ ਤੇ ਸਖ਼ਤ ਨਿਖੇਧੀ ਕੀਤੀ। ਆਗੂਆਂ ਦਿੱਲੀ ਪੁਲੀਸ ਵਲੋਂ ਦਫ਼ਾ 160 ਸੀ.ਆਰ.ਪੀ.ਸੀ ਤਹਿਤ ਪੰਜਾਬ ਦੇ ਕਿਸਾਨਾਂ ਨੂੰ 26 ਜਨਵਰੀ ਦੀ ਘਟਨਾ ਸਮੇਂ ਦਰਜ ਕੀਤੇ ਪਰਚਿਆਂ ਦੀ ਤਫਤੀਸ਼ ਵਿੱਚ ਸ਼ਾਮਲ ਹੋਣ ਲਈ ਭੇਜੇ ਜਾ ਰਹੇ ਨੋਟਿਸਾਂ ਨੂੰ ਇੱਕ ਬਦਲਾ-ਲਊ, ਦਹਿਸਤਨੁਮਾ ਤੇ ਭੜਕਾਊ ਕਾਰਵਾਈ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਅੰਦੋਲਨ ਦੀ ਚੜ੍ਹਤ ਤੋਂ ਸਰਕਾਰ ਡਰ ਗਈ ਹੈ ਤੇ ਅਜਿਹੇ ਗ਼ੈਰ-ਜਮਹੂਰੀ ਕਦਮਾਂ ਰਾਹੀਂ ਉਹ 5 ਸਤੰਬਰ ਨੂੰ ਹੋਣ ਜਾ ਰਹੀ ਮੁਜ਼ੱਫ਼ਰਨਗਰ ਰੈਲੀ ਨੂੰ ਫੇਲ੍ਹ ਕਰਨਾ ਚਾਹੁੰਦੀ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਨਥਾਣਾ ਵੱਲੋਂ ਖੇਤੀ ਕਨੂੰਨਾਂ ਖ਼ਿਲਾਫ਼ 337 ਦਿਨਾਂ ਤੋਂ ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਅੱਗੇ ਚੱਲ ਰਿਹਾ ਮੋਰਚਾ ਅੱਜ ਮੀਂਹ ਵਿੱਚ ਵੀ ਜਾਰੀ ਰਿਹਾ। ਕਿਸਾਨ ਬੀਬੀਆਂ ਨੇ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਆਗੂ ਅਜਮੇਰ ਸਿੰਘ ਚੱਕ ਫਤਿਹ ਸਿੰਘ ਵਾਲਾ ਨੇ ਕਿਹਾ ਕਿ ਮੁਜੱਫ਼ਤਰ ਨਗਰ ਦੀ ਮਹਾਪੰਚਾਇਤ ਦੀ ਤਿਆਰੀ ਜ਼ੋਰਸ਼ੋਰ ਨਾਲ ਚੱਲ ਰਹੀ ਹੈ। ਚਾਰ ਸਤੰਬਰ ਨੂੰ ਬਲਾਕ ਦੇ ਸਾਰੇ ਪਿੰਡਾਂ ਵਿੱਚੋਂ ਮਰਦ ਅਤੇ ਔਰਤਾਂ ਵੱਡੀ ਗਿਣਤੀ ਵਿੱਚ ਯੂਪੀ ਦੇ ਮੁਜੱਫ਼ਤਰ ਨਗਰ ਵੱਲ ਰਵਾਨਾ ਹੋਣਗੇ ਅਤੇ ਪੰਜ ਸਤੰਬਰ ਦੀ ਮਹਾਪੰਚਾਇਤ ਵਿੱਚ ਸ਼ਿਰਕਤ ਕਰਨਗੇ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੂੰਨਾਂ ਖ਼ਿਲਾਫ਼ ਮਹਿਲ ਕਲਾਂ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਧਰਨੇ ’ਚ ਅੱਜ ਵੱਡੀ ਗਿਣਤੀ ਔਰਤਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਨੇ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਝੂਠੇ ਕੇਸ ਰੱਦ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਕਾਨੂੰਨ ਰੱਦ ਕਰਨ ਦੀ ਥਾਂ ਕਦੇ ਲਾਠੀਚਾਰਜ ਕਰਦੀ ਹੈ ਤੇ ਕਦੇ ਝੂਠੇ ਕੇਸ ਦਰਜ ਕਰਦੀ ਹੈ।
ਕਰਨਾਲ ਲਾਠੀਚਾਰਜ ਵਿਰੁੱਧ ਕਾਂਗਰਸੀਆਂ ਵੱਲੋਂ ਪ੍ਰਦਰਸ਼ਨ
ਸਿਰਸਾ (ਪ੍ਰਭੂ ਦਿਆਲ): ਕਰਨਾਲ ’ਚ ਬੀਤੇ ਦਿਨੀਂ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਗਏ ਲਾਠੀਚਾਰਜ, ਜ਼ਮੀਨ ਅਧਿਗ੍ਰਹਿਣ ਸੋਧ ਬਿੱਲ ਤੇ ਰਸੋਈ ਗੈਸ ਦੀਆਂ ਵਧਾਈਆਂ ਕੀਮਤਾਂ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਾਲਾਂਵਾਲੀ ਹਲਕੇ ਦੇ ਵਿਧਾਇਕ ਸ਼ੀਸ਼ਪਾਲ ਕੇਹਰਵਾਲਾ ਤੇ ਡਾ.ਕੇ.ਵੀ. ਸਿੰਘ ਨੇ ਸਾਂਝੇ ਤੌਰ ’ਤੇ ਕੀਤੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਜ਼ਮੀਨ ਅਧਿਗ੍ਰਹਿਣ ਸੋਧ ਬਿੱਲ ਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਤੋਂ ਇਲਾਵਾ ਕਈ ਹੋਰ ਮੁੱਦਿਆਂ ’ਤੇ ਭਾਜਪਾ-ਜਜਪਾ ਸਰਕਾਰ ਦੀ ਆਲੋਚਨਾ ਕੀਤੀ ਤੇ ਰਾਜਪਾਲ ਦੇ ਨਾਂ ਆਪਣਾ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ।