ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 9 ਮਾਰਚ
ਸੋਲ੍ਹਵੀਂ ਵਿਧਾਨ ਸਭਾ ਦੇ ਗਠਨ ਲਈ 20 ਫਰਵਰੀ ਨੂੰ ਹੋਈਆਂ ਚੋਣਾਂ ਦੇ ਨਤੀਜੇ ਦਸ ਮਾਰਚ ਨੂੰ ਆ ਰਹੇ ਹਨ। ਇਨ੍ਹਾਂ ਨਤੀਜਿਆਂ ਨੂੰ ਲੈ ਕੇ ਜਿਥੇ ਆਮ ਲੋਕਾਂ ਵਿੱਚ ਉਤਸੁਕਤਾ ਹੈ ਉਥੇ ਚੋਣ ਮੈਦਾਨ ਵਿੱਚ ਉਤਰੇ ਉਮੀਦਵਾਰਾਂ ’ਚ ਜਿੱਤ-ਹਾਰ ਨੂੰ ਲੈ ਕੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਉਮੀਦਵਾਰ ਨਤੀਜਿਆਂ ਤੋਂ ਪਹਿਲਾਂ ਸੁੱਖਾਂ ਸੁੱਖ ਰਹੇ ਹਨ। ਕੋਈ ਮੰਦਰਾਂ ਵਿੱਚ ਮੱਥਾ ਰਗੜ ਰਿਹਾ ਹੈ ਤੇ ਕੋਈ ਗੁਰਦੁਆਰਿਆਂ ਵਿੱਚ ਅਰਦਾਸ ਕਰਵਾ ਰਿਹਾ ਹੈ। ਕੋਟਕਪੂਰਾ ਵਿਧਾਨ ਸਭਾ ਹਲਕੇ ਅੰਦਰ 13 ਉਮੀਦਵਾਰ ਮੈਦਾਨ ਵਿੱਚ ਹਨ। ਪ੍ਰਮੁੱਖ ਮੁਕਾਬਲਾ ‘ਆਪ’ ਉਮੀਦਵਾਰ ਕੁਲਤਾਰ ਸਿੰਘ ਸੰਧਵਾ, ਕਾਂਗਰਸੀ ਉਮੀਦਵਾਰ ਅਜੈਪਾਲ ਸੰਧੂ ਤੇ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਮਨਤਾਰ ਸਿੰਘ ਬਰਾੜ ਦਰਮਿਆਨ ਹੀ ਰਿਹਾ ਹੈ। ਮੀਡੀਆ ਦੇ ਚੋਣ ਸਰਵੇਖਣਾ ਨੇ ਪੰਜਾਬ ’ਚ ‘ਆਪ’ ਨੂੰ 70 ਤੋਂ ਵੱਧ ਦੁਆ ਕੇ ਪੰਜਾਬ ’ਚ ਸਰਕਾਰ ਬਣਾਉਣ ਦੇ ਦਾਅਵੇ ਨੂੰ ਬਲ ਦਿੱਤਾ ਹੈ। ਇਨ੍ਹਾਂ ਸਰਵੇਖਣਾਂ ਤੋਂ ਬਾਅਦ ਪਾਰਟੀ ਵਰਕਰਾਂ ਅੰਦਰ ਖੁਸ਼ੀ ਦਾ ਮਾਹੌਲ ਬਣ ਗਿਆ ਹੈ। ‘ਆਪ’ ਉਮੀਦਵਾਰ ਕੁਲਤਾਰ ਸਿੰਘ ਸੰਧਵਾਂ ਨੇ ਮੀਡੀਆ ਸਰਵੇਖਣਾ ਦੇ ਦਾਅਵਿਆਂ ਨੂੰ ਨਾਕਾਰਦਿਆਂ ਆਖਿਆ ਕਿ ਉਹ ਸੱਚ ’ਤੇ ਭਰੋਸਾ ਕਰਦੇ ਹਨ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਮੀਡੀਆ ਸਰਵੇਖਣ ਲੋਕਾਂ ਦੀਆਂ ਉਮੀਦਾਂ ’ਤੇ ਖਰੇ ਨਹੀਂ ਉਤਰੇ। ਉਂਜ ਕਾਂਗਰਸੀ ਉਮੀਦਵਾਰ ਅਜੈਪਾਲ ਸਿੰਘ ਸੰਧੂ ਚੋਣਾਂ ’ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ’ਤੇ ਜਿੱਤ ਦਾਅਵਾ ਠੋਕ ਰਹੇ ਹਨ ਜਦੋਂਕਿ ਅਕਾਲੀ-ਬਸਪਾ ਉਮੀਦਵਾਰ ਮਨਤਾਰ ਸਿੰਘ ਬਰਾੜ ਆਪਣੀਆਂ ਗਿਣਤੀ-ਮਿਣਤੀ ਰਾਹੀਂ ਜਿੱਤ ਦਾ ਸੁਫ਼ਨਾ ਲੈ ਰਹੇ ਹਨ। ਭਲਕੇ ਆਉਣ ਵਾਲੇ ਚੋਣ ਨਤੀਜਿਆਂ ਦੇ ਮੱਦੇਨਜ਼ਰ ਆਪਣੀ ਜਿੱਤ ਦੀ ਖੁਸ਼ੀ ਦੇ ਜਸ਼ਨ ਮਨਾਉਣ ਲਈ ਕਿਸੇ ਵੀ ਉਮੀਦਵਾਰ ਨੇ ਲੱਡੂਆਂ ਲਈ ਹਲਵਾਈਆਂ ਕੋਲ ਆਰਡਰ ਨਹੀਂ ਕੀਤੇ। ਹਲਵਾਈ ਵੀ ਦੱਸ ਰਹੇ ਹਨ ਕਿ ਉਨ੍ਹਾਂ ਦੇ ਪੁਰਾਣੇ ਤਜ਼ਰਬੇ ਅਨੁਸਾਰ ਪਹਿਲਾਂ ਚੋਣਾਂ ਨਤੀਜਿਆਂ ਤੋਂ ਦੋ ਦਿਨ ਪਹਿਲਾਂ ਹੀ ਪਾਰਟੀਆਂ ਲੱਡੂਆਂ ਦਾ ਆਰਡਰ ਦੇ ਜਾਂਦੀਆਂ ਸਨ ਪਰ ਇਸ ਹਾਰ-ਜਿੱਤ ਨੂੰ ਲੈ ਕੇ ਸਾਰੇ ਉਮੀਦਵਾਰਾਂ ਅੰਦਰ ਸਹਿਮ ਦਾ ਮਾਹੌਲ ਹੈ। ਮੀਡੀਆ ਸਰਵੇਖਣਾਂ ਦੇ ਬਾਵਜੂਦ ਕਿਸੇ ਉਮੀਦਵਾਰ ਨੂੰ ਆਪਣੀ ਜਿੱਤ ਨੇੜੇ ਨਹੀਂ ਦਿੱਸ ਰਹੀ।