ਪੱਤਰ ਪ੍ਰੇਰਕ
ਹੰਡਿਆਇਆ, 23 ਅਗਸਤ
ਇਥੇ ਨਗਰ ਪੰਚਾਇਤ ਹੰਡਿਆਇਆ ਕੋਲ ਪੁਰਾਣੀਆਂ ਬਣੀਆਂ ਗਲੀਆਂ ’ਚੋਂ ਪੁੱਟੀ ਜਾ ਰਹੀ ਇੱਟ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਨਗਰ ਪੰਚਾਇਤ ਹੰਡਿਆਇਆ ਵੱਲੋਂ ਕਿਲਾ ਪੱਤੀ ਵਾਰਡ ਨੰ: 4 ਅਤੇ ਇੰਦਰਾ ਆਵਾਸ ਕਾਲੋਨੀ ਵਿੱਚ ਕਈ ਸਾਲ ਪਹਿਲਾਂ ਗਲੀਆਂ ਪੁੱਟ ਕੇ ਇੰਟਰਲੌਕ ਟਾਇਲਾਂ ਲਾਉਣ ਦਾ ਕੰਮ ਠੇਕੇ ’ਤੇ ਦਿੱਤਾ ਗਿਆ ਹੈ ਇੱਥੇ ਲੱਗੀਆਂ ਪੁਰਾਣੀਆਂ ਇੱਟਾਂ ਜੋ ਪੁੱਟੀਆਂ ਜਾ ਰਹੀਆਂ ਹਨ ਦਾ ਕੋਈ ਹਿਸਾਬ-ਕਿਤਾਬ ਨਹੀਂ ਰੱਖਿਆ ਜਾ ਰਿਹਾ ਅਤੇ ਸਾਰਾ ਕੰਮ ਠੇਕੇਦਾਰ ਦੇ ਕਰਿੰਦਿਆਂ ’ਤੇ ਛੱਡਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਠੇਕੇਦਾਰ ਵਲੋਂ ਪੁਰਾਣੀਆਂ ਇੱਟਾਂ ਨੂੰ 2600 ਰੁਪਏ ਪ੍ਰਤੀ ਹਜ਼ਾਰ ਆਪਣੇ ਤੌਰ ’ਤੇ ਵੇਚਿਆ ਜਾ ਰਿਹਾ ਹੈ। ਜਦੋਂ ਇਸ ਸਬੰਧੀ ਨਗਰ ਪੰਚਾਇਤ ਹੰਡਿਆਇਆ ਦੇ ਕਾਰਜ ਸਾਧਕ ਅਫ਼ਸਰ ਮਨਪ੍ਰੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਟਾਂ ਦੀ ਰਿਕਵਰੀ ਠੇਕੇਦਾਰ ਤੋਂ ਲਈ ਜਾਂਦੀ ਹੈ। ਉਨ੍ਹਾਂ ਪੁੱਟੀਆਂ ਗਈਆਂ ਪੁਰਾਣੀਆਂ ਇੱਟਾਂ ਦੀ ਗਿਣਤੀ ਬਾਰੇ ਅਗਿਆਨਤਾ ਪ੍ਰਗਟਾਈ ਅਤੇ ਕਿਹਾ ਕਿ ਸਬੰਧਿਤ ਜੇ.ਈ. ਨੇ ਅੱਜ ਹੀ ਚਾਰਜ ਸੰਭਾਲਿਆ ਹੈ, ਪਤਾ ਕਰ ਕੇ ਦੱਸ ਦਿੱਤਾ ਜਾਵੇਗਾ।