ਜਸਵੀਰ ਸਿੰਘ ਭੁੱਲਰ
ਦੋਦਾ, 30 ਅਕਤੂਬਰ
ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੱਜ ਆਪਣੇ ਹਲਕੇ ਦੇ ਪਿੰਡ ਦੋਦਾ ਵਿੱਚ ਵਰਕਰਾਂ ਤੇ ਆਗੂਆਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ।
ਇਸ ਦੌਰਾਨ ਕੋਠੇ ਕੇਸਰ ਸਿੰਘ ਵਾਲਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਇਕ ਵੀ ਬੱਸ ਨਾਜਾਇਜ਼ ਢੰਗ ਨਾਲ ਸੜਕ ’ਤੇ ਨਹੀਂ ਚੱਲਣ ਦੇਣਗੇ, ਟਰਾਂਸਪੋਰਟਰ ਆਪਣੇ-ਆਪ ਨੂੰ ਕਿੰਨਾ ਵੀ ਵੱਡਾ ਖੱਬੀਖਾਨ ਕਿਉ ਨਾ ਸਮਝਦਾ ਹੋਵੇ। ਉਨ੍ਹਾਂ ਕਿਹਾ ਕਿ ਉਹ ਟਰਾਂਸਪੋਰਟ ਮਾਫੀਆ ਨੂੰ ਨੱਥ ਪਾਉਣ ਲਈ ਸਿਰਤੋੜ ਕੋਸ਼ਿਸ਼ ਕਰ ਰਹੇ ਹਨ।
ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਕ ਵੀ ਟਰਾਂਸਪੋਰਟਰ ਨੂੰ ਰੰਜ਼ਿਸ਼ ਜਾਂ ਬਦਲਖੋਰੀ ਦੀ ਨੀਤੀ ਅਧੀਨ ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਉਨ੍ਹਾਂ ਵਿਰੋਧੀਆਂ ਦੀਆਂ ਗੱਲਾਂ ਅਤੇ ਫੈਲਾਏ ਜਾ ਰਹੇ ਭਰਮ ਨੂੰ ਸਿਰੇ ਤੋਂ ਨਕਾਰ ਦਿੱਤਾ ਕਿ ਚੋਣਵੇਂ ਟਰਾਂਸਪੋਰਟਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਿਸੇ ਵੀ ਮੰਡੀ ਵਿੱਚ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜੇ ਕੋਈ ਵੀ ਵੱਧ ਤੋਲਦਾ ਜਾਂ ਹੋਰ ਗੜਬੜ ਕਰਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨਰਿੰਦਰ ਸਿੰਘ ਕਾਉਣੀ, ਆਗੂ ਹਰਨੇਕ ਸਿੰਘ, ਨਗਿੰਦਰ ਸਿੰਘ ਬੱਗੀ ਬਰਾੜ, ਜਗਦੀਸ਼ ਕਟਾਰੀਆ, ਸਰਪੰਚ ਛਿੰਦਰ ਭੱਟੀ ਅਤੇ ਕੁਲਜੀਤ ਕੰਗ ਆਦਿ ਵੱਡੀ ਗਿਣਤੀ ਵਿਚ ਹੋਰ ਵੀ ਆਗੂ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ। ਇਸ ਦੌਰਾਨ ਟੈਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਨੇ ਵੜਿੰਗ ਨੂੰ ਮੰਗ ਪੱਤਰ ਵੀ ਸੌਂਪਿਆ।