ਨਿੱਜੀ ਪੱਤਰ ਪ੍ਰੇਰਕ
ਮੋਗਾ, 9 ਜੁਲਾਈ
ਇਥੇ ਨੈਸ਼ਨਲ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਮੋਨੀਟਰਿੰਗ ਕਮੇਟੀ ਚੇਅਰਮੈਨ ਜਸਟਿਸ ਜਸਬੀਰ ਸਿੰਘ (ਸੇਵਾ ਮੁਕਤੀ) ਦੀ ਅਗਵਾਈ ਹੇਠ ਮੋਗਾ, ਧਰਮਕੋਟ, ਬਾਘਾਪੁਰਾਣਾ, ਬੱਧਨੀਕਲਾਂ, ਨਿਹਾਲ ਸਿੰਘ ਵਾਲਾ ਵਿੱਚ ਸੀਵਰੇਜ ਟਰੀਟਮੈਂਟ ਪਲਾਂਟਾਂ ਦਾ ਨਿਰੀਖਣ ਕਰਕੇ ਨਮੂਨੇ ਲਏ। ਇਸ ਮੌਕੇ ਮੈਂਬਰ ਸੇਵਾਮੁਕਤ ਮੁੱਖ ਸਕੱਤਰ ਪੰਜਾਬ ਸਰਕਾਰ, ਐੱਸਸੀ ਅਗਰਵਾਲ, ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਮੈਂਬਰ ਬਾਬੂ ਰਾਮ ਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸਨ। ਇਸ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਣੀਆਂ ’ਚ ਘੋਲੇ ਜਾ ਰਹੇ ਜ਼ਹਿਰ ਨੂੰ ਮਨੁੱਖਤਾ ਤੇ ਜੀਵ-ਜੰਤੂਆਂ ਲਈ ਘਾਤਕ ਕਰਾਰ ਦਿੰਦੇ ਕਿਹਾ ਕਿ ਅਜਿਹਾ ਕਰਨ ਵਾਲੇ ਲੋਕਾਂ ਵਿਰੁੱਧ ਸਰਕਾਰ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਲਾਪ੍ਰਵਾਹੀ ਤੇ ਹਕੂਮਤਾਂ ਦੇ ਅਵੇਸਲੇਪਨ ਕਾਰਨ ਅੱਜ ਜੀਵਨ ਖ਼ਤਰੇ ’ਚ ਆ ਚੁੱਕਾ ਹੈ। ਸੂਬੇ ’ਚ ਪਾਣੀਆਂ ’ਚ ਜ਼ਹਿਰ, ਹਵਾ ਦੀ ਦੂਸ਼ਿਤਤਾ, ਮਿੱਟੀ ’ਚ ਜ਼ਹਿਰਾਂ ਦਾ ਵਧਣਾ ਤੇ ਸ਼ੋਰ ਪ੍ਰਦੂਸ਼ਣ ਨੂੰ ਨਹੀਂ ਰੋਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪਾਣੀ ਜੀਵਨ ਲਈ ਅਹਿਮ ਹੈ ਪਰ ਇਸ ਨੂੰ ਦੂਸ਼ਿਤ ਕਰਨ ਵਾਲੇ ਲੋਕ ਕੇਵਲ ਆਪਣਾ ਨਿੱਜੀ ਫ਼ਾਇਦਾ ਦੇਖ ਰਹੇ ਹਨ। ਕੇਵਲ ਦਰਿਆਈ ਪਾਣੀ ਹੀ ਨਹੀਂ ਅਜਿਹੇ ਲੋਕਾਂ ਕਾਰਨ ਧਰਤੀ ਹੇਠਲਾ ਪਾਣੀ ਵੀ ਵਰਤੋਂ ਯੋਗ ਨਹੀਂ ਰਿਹਾ।
ਐੱਨਜੀਟੀ ਮੋਨੀਟਰਿੰਗ ਕਮੇਟੀ ਚੇਅਰਮੈਨ ਜਸਟਿਸ ਜਸਬੀਰ ਸਿੰਘ (ਸੇਵਾ ਮੁਕਤ) ਨੇ ਕਿਹਾ ਕਿ ਉਹ ਆਪਣੀ ਰਿਪੋਰਟ ਐੱਨਜੀਟੀ ਟ੍ਰਿਬਿਊਨਲ ਨੂੰ ਭੇਜਣਗੇ।
ਅੱਧ ਵਿਚਾਲੇ ਲਟਕੇ ਟਰੀਟਮੈਂਟ ਪਲਾਂਟ ਦਾ ਸੀਚੇਵਾਲ ਤੇ ਚੇਅਰਮੈਨ ਵੱਲੋਂ ਜਾਇਜ਼ਾ
ਬਾਘਾ ਪੁਰਾਣਾ (ਪੱਤਰ ਪ੍ਰੇਰਕ) ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਬੀਰ ਸਿੰਘ ਬਾਘਾ ਪੁਰਾਣਾ ’ਚ ਬਣ ਰਹੇ ਟਰੀਟਮੈਂਟ ਪਲਾਂਟ ਵੇਖਣ ਆਏ ਤੇ ਕਿਹਾ ਕਿ ਸ਼ਹਿਰ ਦਾ ਸੀਵਰੇਜ ਦਾ ਪਾਣੀ ਜੇ ਟਰੀਟਮੈਂਟ ਪਲਾਂਟ ਰਾਹੀਂ ਖੇਤਾਂ ਨੂੰ ਦਿੱਤਾ ਜਾਵੇ ਤਾਂ ਖੇਤੀ ਦੀ ਉਪਜਾਊ ਸ਼ਕਤੀ ਵਧੇਗੀ। ਸੰਤ ਸੀਚੇਵਾਲ ਨੇ ਕਿਹਾ ਕਿ ਅੱਜ ਹਰ ਮਨੁੱਖ ਦਾ ਫਰਜ਼ ਹੈ ਕਿ ਉਹ ਹਵਾ, ਪਾਣੀ ਤੇ ਧਰਤੀ ਦੀ ਸ਼ੁੱਧਤਾ ਵੱਲ ਧਿਆਨ ਕੇਂਦਰਿਤ ਕਰੇ ਤਾਂ ਜੋ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਤੇ ਸ਼ੁੱਧ ਵਾਤਾਵਰਣ ਦੇ ਸਕੀਏ। 2011 ’ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਸ਼ਹਿਰ ’ਚ ਸੀਵਰੇਜ ਪਾਇਆ ਸੀ, ਪਰ ਅੱਜ ਤੱਕ ਸੀਵਰੇਜ ਚੱਲ ਨਹੀਂ ਸਕਿਆ। ਇਸ ’ਤੇ ਤਕਰੀਬਨ 25 ਕਰੋੜ ਰੁਪਏ ਖਰਚ ਆ ਚੁੱਕਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਬੀਰ ਸਿੰਘ ਨੇ ਬਾਘਾ ਪੁਰਾਣਾ ’ਚ ਅੱਧ ਵਿਚਾਲੇ ਬਣੇ ਟਰੀਟਮੈਂਟ ਪਲਾਂਟ ਦਾ ਜਾਇਜ਼ਾ ਲਿਆ ਤੇ ਕਿਹਾ ਕਿ ਦੋ ਤਿੰਨ ਮਹੀਨਿਆਂ ’ਚ ਟਰੀਟਮੈਂਟ ਪਲਾਂਟ ਚਾਲੂ ਕਰ ਦਿੱਤਾ ਜਾਵੇਗਾ।