ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 8 ਜਨਵਰੀ
ਪੰਜਾਬ ਸਰਕਾਰ ਨੇ ਫ਼ਰੀਦਕੋਟ ਜ਼ਿਲ੍ਹੇ ਨੂੰ ਵਿਜੀਲੈਂਸ ਦੀ ਨਵੀਂ ਰੇਂਜ ਬਣਾ ਦਿੱਤਾ ਹੈ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪਰਮਜੀਤ ਸਿੰਘ ਵਿਰਕ ਨੂੰ ਫ਼ਰੀਦਕੋਟ ਵਿਜੀਲੈਂਸ ਦਾ ਪਹਿਲਾ ਐੱਸਐੱਸਪੀ ਨਿਯੁਕਤ ਕੀਤਾ ਗਿਆ। ਫ਼ਰੀਦਕੋਟ ਪੰਜਾਬ ਦੀ 7ਵੀਂ ਵਿਜੀਲੈਂਸ ਰੇਂਜ ਹੋਵੇਗੀ। ਜ਼ਿਲ੍ਹਾ ਬਣਨ ਦੇ 48 ਸਾਲ ਮਗਰੋਂ ਇੱਥੇ ਵਿਜੀਲੈਂਸ ਰੇਂਜ ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਪਹਿਲਾਂ ਫਰੀਦਕੋਟ, ਬਠਿੰਡਾ ਅਤੇ ਫਿਰੋਜ਼ਪੁਰ ਵਿਜੀਲੈਂਸ ਰੇਂਜ ਦਾ ਹਿੱਸਾ ਰਿਹਾ ਹੈ। ਡੀ.ਆਈ.ਜੀ ਸੁਰਜੀਤ ਸਿੰਘ ਨੇ ਇਸ ਨਵੀਂ ਰੇਂਜ ਦਾ ਉਦਘਾਟਨ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਵਿੱਚ ਵਿਜੀਲੈਂਸ ਵਿਭਾਗ ਆਪਣਾ ਬਣਦਾ ਯੋਗਦਾਨ ਪਾਵੇਗਾ। ਇਸ ਸਬੰਧੀ ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਤੋਂ ਸਹਿਯੋਗ ਮੰਗਿਆ। ਐੱਸ.ਐੱਸ.ਪੀ ਪਰਮਜੀਤ ਸਿੰਘ ਵਿਰਕ ਨੇ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਵਿਭਾਗ ਇਲਾਕੇ ਦੇ ਨਾਗਰਿਕਾਂ ਦੀ ਸੇਵਾ ਲਈ ਆਪਣਾ ਬਣਦਾ ਯੋਗਦਾਨ ਪਾਵੇਗਾ ਅਤੇ ਵਿਜੀਲੈਂਸ ਰੇਂਜ ਲੋਕਾਂ ਲਈ ਫਾਇਦੇਮੰਗ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਹੁਣ ਫਰੀਦਕੋਟ ਰੇਂਜ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਮੌਕੇ ਵਿਜੀਲੈਂਸ ਅਧਿਕਾਰੀਆਂ ਨੂੰ ਪੁਲੀਸ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ। ਇਸ ਮੌੌਕੇ ਕੁਲਦੀਪ ਸਿੰਘ ਸੋੋਹੀ ਐੱਸ.ਪੀ., ਡੀ.ਐੱਸ.ਪੀ. ਵਿਜੀਲੈਂਸ, ਰਾਜ ਕੁਮਾਰ ਸਾਮਾ, ਅਸ਼ਵਨੀ ਕੁਮਾਰ ਡੀ.ਐਸ.ਪੀ. ਵਿਜੀਲੈਂਸ ਵੀ ਹਾਜ਼ਰ ਸਨ।