ਪੱਤਰ ਪ੍ਰੇਰਕ
ਲੰਬੀ, 22 ਸਤੰਬਰ
ਕਿਰਸਾਨੀ ਦੀ ਰੀੜ੍ਹ ਦੀ ਹੱਡੀ ਤੋੜਨ ਵਾਲੇ ਖੇਤੀ ਬਿੱਲਾਂ ’ਤੇ ਜਿੱਤ ਪਾਉਣ ਲਈ ਟੁੱਟੀ-ਭੱਜੀ ਰੀੜ੍ਹ ਦੀ ਹੱਡੀ ਅਤੇ ਲੱਤਾਂ ਤੋਂ ਅਪਾਹਜ ਕਦਮ ਵੀ ਸੰਘਰਸ਼ ਦੇ ਪਾਂਧੀ ਬਣੇ। ਸਰੀਰਕ ਅਧੂਰਾਪਨ ਵੀ ਕਿਸਾਨਾਂ ਦੇ ਦਿਲ ਵਿਚ ਧਰਦੀ ਮਾਂ ਲਈ ਵਸਦੇ ਪਿਆਰ ਮੂਹਰੇ ਬੌਣਾ ਸਾਬਤ ਹੋ ਰਿਹਾ ਹੈ।
ਮੋਗਾ ਜ਼ਿਲ੍ਹੇ ਦੇ ਬੱਧਨੀ ਦਾ ਅਪਾਹਜ ਬਜ਼ੁਰਗ ਮਿਹਰ ਸਿੰਘ (67) ਰੀੜ੍ਹ ਦੀ ਹੱਡੀ ਦੀ ਸੰਗਲੀ ਨੁਕਸਾਨੀ ਹੋਣ ਕਰਕੇ ਮੰਜੇ ’ਤੇ ਸਿੱਧਾ ਸੌਂ ਨਹੀਂ ਸਕਦਾ, ਨਾ ਸਿੱਧਾ ਹੋ ਕੇ ਤੁਰ ਸਕਦਾ ਹੈ। ਇਸ ਦੇ ਬਾਵਜੂਦ ਉਹ ਬਾਦਲ ਪਿੰਡ ਦੀ ਜੂਹ ’ਚ ਕਿਸਾਨ ਮੋਰਚੇ ਦਾ ਹਿੱਸਾ ਬਣਿਆ। ਕਿਸਾਨੀ ਅਤੇ ਧਰਤੀ ਮਾਤਾ ਪ੍ਰਤੀ ਦਿਲੀ ਮੋਹ ਰੱਖਣ ਵਾਲੇ ਮਿਹਰ ਸਿੰਘ ਕੋਲ ਨਾ ਜ਼ਮੀਨ ਹੈ, ਨਾ ਉਸ ਦਾ ਪਰਿਵਾਰ ਠੇਕੇ ’ਤੇ ਵਾਹੀ ਕਰਦਾ ਹੈ। ਉਸ ਦੇ ਪੁੱਤ-ਭਤੀਜੇ ਮੱਝਾਂ ਪਾਲਦੇ ਹਨ। ਭਾਕਿਯੂ ਦਾ ਝੰਡਾ ਹੱਥੀਂ ਫੜੀ ਜਾਂਦੇ ਮਿਹਰ ਸਿੰਘ ਨੇ ਆਖਿਆ ਕਿ ਮੁਲਕ ਦੀ ਸਰਕਾਰ ਕਿਸਾਨੀ ਦੇ ਪੱਖ ਵਿਚ ਨਹੀਂ ਸੋਚ ਰੱਖਦੀ, ਤਾਂ ਕੀ ਹੋ ਗਿਆ, ਆਮ ਲੋਕ ਤਾਂ ਖੇਤੀ ਨਾਲ ਜੁੜੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਮਿਹਰ ਸਿੰਘ ਨੇ ਕਿਹਾ ਕਿ ਕਿਸਾਨ ਮੋਰਚੇ ’ਚ ਅੱਜ ਉਸ ਦਾ ਤੀਜਾ ਗੇੜਾ ਹੈ।
ਇਸੇ ਤਰ੍ਹਾਂ ਚੁੱਘੇ ਕਲਾਂ ਦੇ ਪੋਲੀਓਗ੍ਰਸਤ ਜਗਜੀਤ ਸਿੰਘ (38) ਵੀ ਕਿਸਾਨ ਮੋਰਚੇ ਦੇ ਸੰਘਰਸ਼ੀ ਕਦਮਾਂ ਨਾਲ ਤੁਰਨ ਲਈ ਪੁੱਜਿਆ ਹੋਇਆ ਸੀ। ਉਹ ਦੋ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਕਿਸਾਨੀ ਕਰਦਾ ਹੈ। ਉਸ ਨੇ ਕਿਹਾ ਕਿ ਸਰੀਰਕ ਹਾਲਤ ਤਾਂ ਸਾਥ ਨਹੀਂ ਦਿੰਦੇ ਪਰ ਭਵਿੱਖ ਦਾ ਫ਼ਿਕਰ ਅਤੇ ਕਿਸਾਨੀ ਜਜ਼ਬੇ ਨੇ ਉਸ ਨੂੰ ਇੱਥੇ ਆਉਣ ਲਈ ਮਜਬੂਰ ਕਰ ਦਿੱਤਾ। ਉਸ ਨੇ ਕਿਹਾ ਕਿ ਲੋੜ ਪਈ ਤਾਂ ਦਿੱਲੀ ਦਰਬਾਰ ਤਕ ਦਸਤਕ ਦੇਣ ਲਈ ਪੁੱਜੇਗਾ।
ਗੋਡਿਆਂ ਦੀ ਬਿਮਾਰੀ ਤੋਂ ਪੀੜਤ ਕਿਸਾਨ ਹਰੀ ਸਿੰਘ (65) ਵਾਸੀ ਸਮਾਲਸਰ ਨੇ ਕਿਹਾ ਕਿ ਉਸ ਦੀ ਗੋਡਿਆਂ ਦੀ ਦਿੱਕਤ ਮੋਦੀ ਦੇ ਖੇਤੀ ਬਿੱਲ ਮੂਹਰੇ ਬਹੁਤ ਛੋਟੀ ਹੈ। ਉਸ ਨੇ ਕਿਹਾ ਕਿ ਬਿੱਲ ਖਿਲਾਫ਼ ਜੇ ਜ਼ਿੰਦਗੀ ਦਾਅ ’ਤੇ ਲੱਗ ਗਈ ਤਦ ਵੀ ਹੌਂਸਲਾ ਨਹੀਂ ਮੁੱਕਣਾ।
ਬਾਦਲਾਂ ਦੇ ਘਰ ਮੂਹਰੇ ਧਰਨੇ ਦੇ ਅੱਜ ਅਖੀਰਲੇ ਦਿਨ ਰਾਜਸਥਾਨ ਤੋਂ ਕਿਸਾਨਾਂ ਦਾ ਜਥਾ ਮੋਰਚੇ ਲਈ ਦੁੱਧ, ਲੰਗਰ, ਰੋਟੀਆਂ, ਆਟਾ, ਦਾਲ ਸਮੇਤ ਰਸਦ ਲੈ ਕੇ ਪੁੱਜਿਆ ਸੀ। ਪ੍ਰਬੰਧਕਾਂ ਵੱਲੋਂ ਨਾਂ-ਥਾਂ ਪੁੱਛਣ ’ਤੇ ਉਹ ਆਖਣੇ ਲੱਗੇ ਕਿਸਾਨ ਦੇ ਪੁੱਤ ਆਪਣੇ ਹਿੱਤਾਂ ਨੂੰ ਹੌਂਸਲਾ ਦੇਣ ਪੁੱਜੇ ਹਨ।