ਜਸਵੰਤ ਜੱਸ
ਫਰੀਦਕੋਟ, 11 ਜੂਨ
ਜ਼ਿਲ੍ਹੇ ਦੇ ਪਿੰਡ ਹਰਦਿਆਲੇਆਣਾ ਦੇ ਕਿਸਾਨਾਂ ਨੇ 1300 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਨੇਕ ਸਿੰਘ ਰੋਡੇ ਨੇ ਪਿੰਡ ਹਰਦਿਆਲੇਆਣਾ ਵਿੱਚ ਕਿਸਾਨ ਵੱਲੋਂ ਕੀਤੀ ਗਈ ਝੋਨੇ ਦੀ ਸਿੱਧੀ ਬਿਜਾਈ ਦਾ ਨਿਰੀਖਣ ਕਰਨ ਉਪਰੰਤ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਪਿੰਡ ਹਰਦਿਆਲੇਆਣਾ ਵਿੱਚ ਕਿਸਾਨਾਂ ਵੱਲੋਂ 1300 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਕਿਸਾਨ ਭਰਾਵਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ 25 ਮਈ ਤੋਂ 15 ਜੂਨ ਤੱਕ ਕੀਤੀ ਜਾ ਸਕਦੀ ਹੈ ਅਤੇ ਇਸ ਦੀ ਬਿਜਾਈ ਕੇਵਲ ਭਾਰੀਆਂ ਅਤੇ ਦਰਮਿਆਨੀ ਜ਼ਮੀਨਾਂ ਵਿੱਚ ਹੀ ਹੋਵੇ ਤਾਂ ਬੇਹਤਰ ਰਹੇਗਾ। ਉਨ੍ਹਾਂ ਦੱਸਿਆ ਕਿ ਬੀਜ ਨੂੰ 1 ਤੋਂ 1.5 ਇੰਚ ਦੀ ਡੂੰਘਾਈ ਤੱਕ ਹੀ ਬੀਜਿਆ ਜਾਵੇ ਜਿਸ ਨਾਲ ਉੱਗਣ ਦੀ ਸਮਰੱਥਾ ਪੂਰੀ ਹੋਵੇਗੀ। ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਬਿਜਾਈ ਉਪਰੰਤ 1 ਲੀਟਰ ਸਟੌਪ ਦਵਾਈ ਪ੍ਰਤੀ ਏਕੜ ਦੀ ਸਪਰੇਅ 200 ਲਿਟਰ ਪਾਣੀ ਘੋਲ ਕੇ ਕੀਤੀ ਜਾਵੇ। ਖੇਤੀਬਾੜੀ ਯੂਨੀਵਰਸਿਟੀ ਦੇ ਕੇ.ਵੀ.ਕੇ ਦੇ ਸਹਾਇਕ ਡਾਇਰੈਕਟਰ ਜਗਦੀਸ਼ ਗਰੋਵਰ ਨੇ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ। ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਨੇਕ ਸਿੰਘ ਰੋਡੇ ਨੇ ਨੌਜਵਾਨਾਂ ਵਿੱਚ ਸਿੱਧੀ ਬਿਜਾਈ ਪ੍ਰਤੀ ਉਤਸ਼ਾਹ, ਸਿੱਖਣ ਦੀ ਲਾਲਸਾ ਅਤੇ ਭਾਈਚਾਰਕ ਸਾਂਝ ਦੇਖਦਿਆ ਆਸ ਪ੍ਰਗਟਾਈ ਕਿ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹਰਦਿਆਲੇ ਆਣਾ ਪੰਜਾਬ ਦਾ ਝੋਨੇ ਦੀ ਸੱਧੀ ਬਿਜਾਈ ਕਰਨ ਵਾਲਾ ਰੋਲ ਮਾਡਲ ਪਿੰਡ ਬਣ ਕੇ ਸਾਹਮਣੇ ਆਵੇਗਾ। ਉਨ੍ਹਾਂ ਪਿੰਡ ਦੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਅਜਿਹੇ ਤਰੀਕਿਆਂ ਨਾਲ ਖੇਤੀ ਕਰਨ ਦੀ ਅਪੀਲ ਕੀਤੀ। ਇਸ ਮੌਕੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਡਾ. ਜਗਸੀਰ ਸਿੰਘ, ਡਾ. ਰਮਨਦੀਪ ਸਿੰਘ, ਡਾ. ਬਿੰਦਰ ਕੌਰ, ਡਾ. ਯਾਦਵਿੰਦਰ ਸਿੰਘ, ਡਾ. ਸਤਬੀਰ ਸਿੰਘ, ਪਿੰਡ ਦੇ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਸੰਧੂ, ਧਰਮ ਸਿੰਘ ਅਤੇ ਜਗਤਾਰ ਸਿੰਘ ਹਾਜ਼ਰ ਸਨ।