ਨਿੱਜੀ ਪੱਤਰ ਪ੍ਰੇਰਕ
ਮੋਗਾ, 11 ਨਵੰਬਰ
ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜਿੱਥੇ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਸਰਕਾਰ ਪੱਧਰ ’ਤੇ ਯਤਨਸ਼ੀਲ ਹੈ, ਉਥੇ ਆਮ ਲੋਕਾਂ ਨੂੰ ਵੀ ਪੰਜਾਬੀ ਭਾਸ਼ਾ ਨਾਲ ਜੋੜਨ ਲਈ ਨਵੀਂ ਰਵਾਇਤ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੀ ਤਾਜ਼ਾ ਮਿਸਾਲ ਦੇਵ ਫਾਰਮ ਅਜੀਤਵਾਲ ਵਿੱਚ ਰੋਟਰੀ ਕਲੱਬ ਦੌਧਰ ਦੇ ਸਾਬਕਾ ਪ੍ਰਧਾਨ ਸੁਖਦਰਸਨ ਸਿੰਘ ਦੌਧਰ ਦੀ ਧੀ ਹਰਸਿਮਰਨਜੀਤ ਕੌਰ ਦੇ ਵਿਆਹ ਮੌਕੇ ਦੇਖਣ ਨੂੰ ਮਿਲੀ ਜਦੋਂ ਪੰਜਾਬੀ ਭਾਸ਼ਾ ਪਸਾਰ ਭਾਈਚਾਰਾ ਜ਼ਿਲ੍ਹਾ ਮੋਗਾ ਦੇ ਚੇਅਰਮੈਨ ਡਾ. ਸੁਰਜੀਤ ਸਿੰਘ ਦੌਧਰ ਨੇ ਨਵ ਵਿਆਹੀ ਜੋੜੀ ਨੂੰ ਸ਼ਗਨ ਵਿੱਚ ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦੀ ਰਾਜਵਿੰਦਰ ਰਾਜਾ ਦੀ ਲਿਖੀ ਕਿਤਾਬ ‘ਕਾੜਨੀ ਦਾ ਦੁੱਧ’ ਭੇਟ ਕੀਤੀ। ਇਸ ਮੌਕੇ ਪੂਰਾ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ। ਇਸ ਮੌਕੇ ਬਾਲ ਸਾਹਿਤ ਲੇਖਕ ਰਣਜੀਤ ਹਠੂਰ ਨੇ ਡਾ. ਸੁਰਜੀਤ ਦੌਧਰ ਅਤੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਖਦਰਸ਼ਨ ਸਿੰਘ ਦੌਧਰ ਤੋਂ ਇਲਾਵਾ ਲੜਕੀ ਦੀ ਮਾਤਾ ਬਿੰਦਰ ਕੌਰ, ਲੜਕੇ ਗੁਰਅਮਾਨਤ ਸਿੰਘ ਦੀ ਮਾਤਾ ਗੁਰਵਿੰਦਰ ਕੌਰ ਐੱਮਸੀ ਮੁਕਤਸਰ ਅਤੇ ਅਮਰਜੀਤ ਸਿੰਘ ਦੌਧਰ, ਗੁਰਪ੍ਰੀਤ ਸਿੰਘ ਦੌਧਰ ਹਾਜ਼ਰ ਸਨ।