ਪੱਤਰ ਪ੍ਰੇਰਕ
ਮਾਨਸਾ, 25 ਜੁਲਾਈ
ਮਾਨਸਾ ਜ਼ਿਲ੍ਹੇ ਦੇ ਥਾਣੇ ਬਰੇਟਾ ਦੀ ਪੁਲੀਸ ਵੱਲੋਂ ਦਰਜ ਕੀਤੇ ਗਏ ਐੱਨਡੀਪੀਐੱਸ ਐਕਟ ਮਾਮਲੇ ਵਿੱਚ ਨਾਮਜ਼ਦ ਇੱਕ ਨਾਬਾਲਗ ਨੂੰ ਜੁਵੇਨਾਈਲ ਜਸਟਿਸ ਬੋਰਡ ਨੇ ਸਹੀ ਰਾਹ ’ਤੇ ਤੋਰਨ ਲਈ ਇੱਕ ਮਹੀਨੇ ਲਈ ਪਿੰਗਲਵਾੜੇ ’ਚ ਸੇਵਾ ਕਰਨ ਦਾ ਫ਼ੈਸਲਾ ਸੁਣਾਇਆ ਹੈ। ਪੁਲੀਸ ਵੱਲੋਂ ਇਸ ਨਾਬਾਲਗ ਨੂੰ ਇੱਥੇ ਠੂਠਿਆਂਵਾਲੀ ਰੋਡ ’ਤੇ ਪਿੰਗਲਵਾੜੇ ’ਚ ਪਹੁੰਚਾ ਦਿੱਤਾ ਹੈ, ਜਿੱਥੇ ਉਸਨੇ ਪਿੰਗਲਵਾੜੇ ਵਿੱਚ ਸੇਵਾ ਕਰਨ ਦਾ ਕੰਮ ਸੰਭਾਲ ਲਿਆ ਹੈ। ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ ਨੇ ਜੁਵੇਨਾਈਲ ਜਸਟਿਸ ਬੋਰਡ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਨਾਬਾਲਗ ਨੂੰ ਚੰਗਾ ਸਮਾਜ ਸਿਰਜਣ ਵਿੱਚ ਸੇਧ ਮਿਲੇਗੀ। ਮਾਨਸਾ ਦੇ ਥਾਣਾ ਬਰੇਟਾ ਦੀ ਪੁਲੀਸ ਵੱਲੋਂ ਸਾਲ 2020 ਵਿੱਚ ਦਰਜ ਐੱਨਡੀਪੀਐੱਸ ਐਕਟ ਦੇ ਮਾਮਲੇ ਵਿੱਚ ਇੱਕ ਨਾਬਾਲਗ ਨੂੰ ਨਾਮਜ਼ਦ ਕੀਤਾ ਗਿਆ ਸੀ। ਨਾਬਾਲਗ ਦੇ ਵਕੀਲ ਲਖਵਿੰਦਰ ਸਿੰਘ ਲਖਨਪਾਲ ਨੇ ਦੱਸਿਆ ਕਿ ਇਸ ਲੜਕੇ ਨੂੰ ਇੱਕ ਮਹੀਨੇ ਬਾਅਦ ਪਿੰਗਲਵਾੜੇ ਦੇ ਮੈਨੇਜਰ ਵੱਲੋਂ ਅਦਾਲਤ ’ਚ ਰਿਪੋਰਟ ਪੇਸ਼ ਕੀਤੀ ਜਾਵੇਗੀ, ਜਿਸ ਤੋਂ ਬਾਅਦ ਇਸ ਦੀ ਸਜ਼ਾ ਪੂਰੀ ਹੋ ਜਾਵੇਗੀ। ਉਧਰ ਪਿੰਗਲਵਾੜਾ ਦੇ ਮੈਨੇਜਰ ਸ਼ੰਭੂ ਨਾਥ ਨੇ ਦੱਸਿਆ ਕਿ ਇਹ ਲੜਕਾ ਇੱਕ ਮਹੀਨੇ ਲਈ ਇਥੇ ਸੇਵਾ ਕਰੇਗਾ।