ਜਸਵੰਤ ਜੱਸ
ਫ਼ਰੀਦਕੋਟ, 26 ਅਪਰੈਲ
ਖੇਤੀ ਵਿਰਾਸਤ ਮਿਸ਼ਨ ਜੈਤੋ ਅਤੇ ਸੰਗੀਤ ਵਿਭਾਗ ਬਰਜਿੰਦਰਾ ਕਾਲਜ ਫ਼ਰੀਦਕੋਟ ਵੱਲੋਂ ਭਾਈ ਘਨ੍ਹੱਈਆ ਕੈਂਸਰ ਰੋਕੋ ਸੁਸਾਇਟੀ ਦੇ ਸਹਿਯੋਗ ਨਾਲ ਕੁਦਰਤ ਉਤਸਵ ਅਤੇ ਸੰਵਾਦ ਤਹਿਤ ‘ਕੁਦਰਤ ਕਾ ਸੁਰ ਸੰਗੀਤ ਅਤੇ ਕੁਦਰਤੀ ਅਨਾਜ ਪ੍ਰੀਤੀ ਭੋਜ’ ਦੇ ਸਿਰਲੇਖ ਹੇਠ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਵਿਧਾਇਕ ਅਮੋਲਕ ਸਿੰਘ, ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਬਾਬਾ ਫ਼ਰੀਦ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਇਸ ਮੌਕੇ ਸ੍ਰੀ ਸੰਧਵਾਂ ਨੇ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਖੇਤੀ ਅਤੇ ਮੂਲ ਅਨਾਜ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਦੀ ਸ਼ਲਾਘਾ ਕੀਤੀ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਸਰਕਾਰ ਕੁਦਰਤੀ ਅਤੇ ਜੈਵਿਕ ਖੇਤੀ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰੇਗੀ।
ਖੇਤੀ ਵਿਰਾਸਤ ਮਿਸ਼ਨ ਦੇ ਕਾਰਜਕਾਰੀ ਨਿਰਦੇਸ਼ਕ ਓਮਿੰਦਰ ਦੱਤ ਨੇ ਮਿਸ਼ਨ ਦੇ ਉਪਰਾਲਿਆਂ ਬਾਰੇ ਚਰਚਾ ਕੀਤੀ। ਬਾਬਾ ਫ਼ਰੀਦ ’ਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਿਹਾ ਕਿ ਕੁਦਰਤੀ ਖੇਤੀ ਹੀ ਸਿਹਤਮੰਦ ਮਨੁੱਖ ਦੀ ਨਿਸ਼ਾਨੀ ਹੈ।