ਮਹਿੰਦਰ ਸਿੰਘ ਰੱਤੀਆਂ
ਮੋਗਾ, 14 ਅਕਤੂਬਰ
ਮੋਗਾ-ਬਰਨਾਲਾ ਕੌਮੀ ਮਾਰਗ ਸਬੰਧੀ ਐਕੁਆਇਰ ਜ਼ਮੀਨ ਦੇ ਮੁਆਵਜ਼ੇ ਲਈ ਪਿੰਡ ਮਾਛੀਕੇ ਦੇ ਕਿਸਾਨਾਂ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ਹੇਠ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਆਗੂ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਚੈੱਕ ਲਈ ਲੱਖਾਂ ਰੁਪਏ ਵੱਢੀ ਮੰਗਣ ਵਾਲੇ ਵੱਢੀਖੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਤੋਂ ਇਲਾਵਾ ਸਫੈਦਪੋਸ਼ ਸਿਆਸੀ ਆਗੂਆਂ ਨੂੰ ਜਲਦੀ ਹੀ ਲੋਕ ਕਚਹਿਰੀ ਵਿੱਚ ਨੰਗਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁਆਵਜ਼ਾ ਮਿਲਣ ਮਗਰੋਂ ਹੀ ਸੜਕ ਦਾ ਕੰਮ ਸ਼ੁਰੂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਕੁਆਇਰ ਜ਼ਮੀਨ ਦੇ ਸਾਂਝੇ ਖਾਤੇ ਵਿੱਚੋਂ ਇੱਕ ਡੇਰਾ ਮੁਖੀ ਦੀ ਪ੍ਰਸਿੱਧੀ ਤੇ ਸਿਆਸੀ ਪਹੁੰਚ ਕਾਰਨ ਗਰੀਬ ਕਿਸਾਨਾਂ ਦਾ ਹੱਕ ਮਾਰ ਕੇ ਖੁਦ ਲੱਖਾਂ ਰੁਪਏ ਹੜੱਪਣ ਦੀ ਸਾਜ਼ਿਸ਼ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਡੇਰਾ ਮੁਖੀ ਦੀ ਜ਼ਮੀਨ ਸਿਰਫ ਸਾਢੇ ਕੁ ਪੰਜ ਮਰਲੇ ਜਗ੍ਹਾ ਬਣਦੀ ਹੈ, ਜਿਸ ਕਰਕੇ ਸਾਂਝੇ ਖਾਤੇ ਅਨੁਸਾਰ ਉਸ ਨੂੰ ਸਾਢੇ ਪੰਜ ਮਰਲੇ ਦੇ ਹਿਸਾਬ ਨਾਲ ਹਿੱਸਾ ਮਿਲਣਾ ਹੈ ਪਰ ਉਹ ਸੜਕ ’ਤੇ ਲਗਦੀ ਜ਼ਮੀਨ ਦਾ ਵੱਧ ਮੁਆਵਜ਼ਾ ਲੈਣ ਲਈ ਅਧਿਕਾਰੀਆਂ ਉੱਤੇ ਦਬਾਅ ਪਾ ਰਿਹਾ ਹੈ, ਜੋ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪਿੰਡ ਮਾਛੀਕੇ ਵਿੱਚ ਕੌਮੀ ਮਾਰਗ ਲਈ ਐਕੁਆਇਰ ਜ਼ਮੀਨ ਸਬੰਧੀ ਕਰੋੜਾਂ ਰੁਪਏ ਦੇ ਘਪਲੇ ਬਾਰੇ ਕਿਸੇ ਨਿਰਪੱਖ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਆਵਜ਼ਾ ਚੈੱਕ ਦੇਣ ਬਦਲੇ ਅਧਿਕਾਰੀਆਂ ਨੇ ਬਣਦੀ ਰਕਮ ਵਿੱਚੋਂ 20 ਫ਼ੀਸਦੀ ਰਿਸ਼ਵਤ ਮੰਗੀ ਪਰ ਵੱਢੀ ਦੇਣ ਤੋਂ ਇਨਕਾਰ ਕਰਨ ’ਤੇ ਉਨ੍ਹਾਂ ਦਾ ਮੁਆਵਜ਼ਾ ਘੱਟ ਕਰ ਦਿੱਤਾ ਗਿਆ। ਧਰਨੇ ਨੂੰ ਨਾਜਰ ਸਿੰਘ ਖਾਈ, ਬੂਟਾ ਸਿੰਘ ਤਖਾਣਵੱਧ, ਜਸਮੇਲ ਸਿੰਘ ਰਾਜੀਆਣਾ, ਨੌਜਵਾਨ ਭਾਰਤ ਸਭਾ ਦੇ ਰਾਜਦੀਪ ਸਿੰਘ ਰਾਉਕੇ, ਅਵਤਾਰ ਸਿੰਘ ਖਾਈ, ਕੁਲਵੰਤ ਸਿੰਘ ਰਾਉਕੇ, ਸਰਬਜੀਤ ਸਿੰਘ, ਸੁਬਿੰਦਰ ਸਿੰਘ, ਬੇਅੰਤ ਸਿੰਘ, ਹਰਦੀਪ ਸਿੰਘ, ਪ੍ਰਗਟ ਸਿੰਘ, ਗੁਰਦਿਆਲ ਸਿੰਘ, ਮੇਜਰ ਸਿੰਘ ਫੌਜੀ, ਹਾਕਮ ਸਿੰਘ, ਬੂਟਾ ਸਿੰਘ, ਰਾਮ ਸਿੰਘ ਅਤੇ ਮਹਿੰਦਰ ਸਿੰਘ ਨੇ ਸੰਬੋਧਨ ਕੀਤਾ। ਦੱਸਣਯੋਗ ਹੈ ਕਿ ਪੀੜਤ ਕਿਸਾਨ ਕਰੀਬ ਇੱਕ ਸਾਲ ਤੋਂ ਮੁਆਵਜ਼ੇ ਲਈ ਦਰ-ਦਰ ਠੋਕਰਾਂ ਖਾ ਰਹੇ ਹਨ। ਕਈ ਹੋਰ ਕਿਸਾਨ ਜਥੇਬੰਦੀਆਂ ਵੀ ਉਨ੍ਹਾਂ ਦੇ ਹੱਕ ਵਿੱਚ ਨਿਤਰੀਆਂ ਪਰ ਹਾਲੇ ਤੱਕ ਪੀੜਤ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲ ਸਕਿਆ।
ਸ਼ਹੀਦ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦਾ ਪੱਤਰ ਸੌਂਪਿਆ
ਮਮਦੋਟ (ਪੱਤਰ ਪ੍ਰੇਰਕ): ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਮਹਿਲ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਰਾਸ਼ੀ ਦਾ ਚੈੱਕ ਸੌਂਪਿਆ। ਕਿਸਾਨ ਆਗੂ ਧਰਮ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਧਰਨੇ ਵਾਲੀ ਥਾਂ ’ਤੇ ਆ ਕੇ ਕਿਸਾਨਾਂ ਆਗੂਆਂ ਨਾਲ ਪੀੜਤ ਕਿਸਾਨਾਂ ਨੂੰ ਵੀਹ ਦਿਨਾਂ ਦੇ ਅੰਦਰ ਅੰਦਰ ਮੁਆਵਜ਼ੇ ਦੀ ਰਕਮ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਜਿਸ ਤਹਿਤ ਅੱਜ ਤਹਿਸੀਲਦਾਰ ਵਿਕਰਮ ਗੂੰਬਰ ਵੱਲੋਂ ਕਿਸਾਨ ਮਹਿਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਪੰਜ ਲੱਖ ਰੁਪਏ ਮੁਆਵਜ਼ੇ ਦਾ ਪੱਤਰ ਕਿਸਾਨ ਆਗੂਆਂ ਦੀ ਹਾਜ਼ਰੀ ਵਿੱਚ ਸੌਂਪਿਆ ਗਿਆ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਕਿਸਾਨ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।