ਇਕਬਾਲ ਸਿੰਘ ਸ਼ਾਂਤ
ਲੰਬੀ, 9 ਅਕਤੂਬਰ
ਘੁਮਿਆਰਾ ਵਿੱਚ ਐੱਸਸਾਰ ਡੀਜ਼ਲ ਪੰਪ ਮੂਹਰੇ ਧਰਨੇ ’ਤੇ ਬੈਠੇ ਕਿਸਾਨਾਂ ਨੇ ਹਰਿਆਣਵੀ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਵਿੱਚ ਡੱਬਵਾਲੀ-ਅਬੋਹਰ ਕੌਮੀ ਸੜਕ ’ਤੇ ਦੋ ਘੰਟੇ ਆਵਾਜਾਈ ਠੱਪ ਕੀਤੀ। ਭਾਕਿਯੂ ਦੀ ਅਗਵਾਈ ਹੇਠ ਕਿਸਾਨਾਂ ਨੇ ਪਿਛਲੇ ਪੰਜ ਦਿਨਾਂ ’ਤੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ ਦੇ ਡੀਜ਼ਲ ਪੰਪ ਮੂਹਰੇ ਧਰਨੇ ਲਗਾਇਆ ਹੋਇਆ ਹੈ। ਇੱਥੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘੇਵਾਲਾ , ਬਲਾਕ ਸਕੱਤਰ ਮਲਕੀਤ ਸਿੰਘ ਗੱਗੜ, ਭੁਪਿੰਦਰ ਸਿੰਘ ਚੰਨੂ, ਮਨੋਹਰ ਸਿੰਘ ਸਿੱਖਵਾਲਾ, ਡਾ. ਹਰਪਾਲ ਸਿੰਘ ਕਿੱਲਿਆਂਵਾਲੀ, ਡਾ. ਮਨਜਿੰਦਰ ਸਿੰਘ ਸਰਾਂ ਨੇ ਸੰਬੋਧਨ ਕੀਤਾ।
ਮੌੜ ਮੰਡੀ(ਜਗਤਾਰ ਅਣਜਾਣ): ਇਥੇ ਅੱਜ ਜਿੱਥੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਠਿੰਡਾ-ਭਵਾਨੀਗੜ੍ਹ ਰਾਜ ਮਾਰਗ ’ਤੇ ਸਥਿਤ ਪਿੰਡ ਮਾਈਸਰਖਾਨਾ ’ਤੇ ਰੋਡ ਜਾਮ ਕੀਤਾ ਗਿਆ, ਉੱਥੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਹੇਠ ਮੌੜ ਚੌਕ ’ਤੇ ਧਰਨਾ ਲਗਾ ਕੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਕਿਸਾਨਾਂ ਵੱਲੋਂ ਇਸ ਰੋਸ ਪ੍ਰਦਰਸ਼ਨ ਦੌਰਾਨ 12 ਤੋਂ 2 ਵਜੇਂ ਤੱਕ ਰਾਜ ਮਾਰਗ ਅਤੇ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ।
ਮਹਿਲ ਕਲਾਂ(ਨਵਕਿਰਨ ਸਿੰਘ): ਅੱਜ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਲੁਧਿਆਣਾ ਮੁੱਖ ਮਾਰਗ ’ਤੇ ਦੋ ਘੰਟੇ ਚੱਕਾ ਜਾਮ ਕੀਤਾ ਗਿਆ। ਟੌਲ ਪਲਾਜ਼ਾ ’ਤੇ ਕੀਤੇ ਜਾਮ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਗਰਾਜ ਹਰਦਾਸਪੁਰਾ, ਮਲਕੀਤ ਮਹਿਲ ਕਲਾਂ, ਜਮਹੂਰੀ ਕਿਸਾਨ ਸਭਾ ਦੇ ਮਲਕੀਤ ਸਿੰਘ, ਲੱਖੋਵਾਲ ਧੜੇ ਨਾਲੋਂ ਬਗਾਵਤ ਕਰਕੇ ਨਵੀਂ ਬਣੀ ਭਾਰਤੀ ਕਿਸਾਨ ਯੂਨੀਅਨ (ਬਰਨਾਲਾ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਆਦਿ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਰਿਲਾਇੰਸ ਪੈਟਰੋਲ ਪੰਪ ਨੇੜੇ ਮੁੱਖ ਮਾਰਗ ’ਤੇ ਕੀਤੇ ਚੱਕਾ ਜਾਮ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲਾਕ ਪ੍ਰਧਾਨ ਜੱਜ ਸਿੰਘ ਗਹਿਲ ਅਤੇ ਕੁਲਜੀਤ ਸਿੰਘ ਵਜ਼ੀਦਕੇ ਨੇ ਸੰਬੋਧਨ ਕੀਤਾ।
ਭਗਤਾ ਭਾਈ(ਰਾਜਿੰਦਰ ਸਿੰਘ ਮਰਾਹੜ): ਇਥੇ ਕਿਸਾਨਾਂ ਵੱਲੋਂ ਭਗਤਾ ਭਾਈ ਦੇ ਮੁੱਖ ਚੌਕ ਵਿੱਚ ਵੱਡਾ ਜਾਮ ਲਗਾਇਆ ਗਿਆ। ਇਸ ਮੌਕੇ ਕਿਸਾਨ ਆਗੂ ਬਸੰਤ ਸਿੰਘ ਕੋਠਾਗੁਰੂ, ਪਾਲ ਸਿੰਘ ਆਦਮਪੁਰਾ, ਸੁਖਦੇਵ ਸਿੰਘ ਸਿਧਾਨਾ, ਸੁਖਜੀਤ ਸਿੰਘ ਕੋਠਾਗੁਰੂ, ਔਰਤ ਆਗੂ ਮਾਲਣ ਕੌਰ, ਸੁਖਪਾਲ ਪਾਲਾ, ਬਲਦੇਵ ਸਿੰਘ ਮਲੂਕਾ ਅਤੇ ਮਜ਼ਦੂਰ ਆਗੂ ਤੀਰਥ ਸਿੰਘ ਕੋਠਾਗੁਰੂ ਨੇ ਸੰਬੋਧਨ ਕੀਤਾ।
ਸਰਦੂਲਗੜ੍ਹ(ਬਲਜੀਤ ਸਿੰਘ): ਇਥੇ ਕਿਸਾਨ ਯੂਨੀਅਨਾਂ ਵੱਲੋਂ ਰੇਲਾਂ, ਰਿਲਾਇੰਸ ਪੰਪਾਂ, ਟੌਲ ਬੈਰੀਅਰਾਂ ਅਤੇ ਸ਼ਾਪਿੰਗ ਮਾਲਾਂ ਆਦਿ ਦਾ ਘਿਰਾਓ ਲਗਾਤਾਰ ਜਾਰੀ ਹੈ।
ਬੁਢਲਾਡਾ(ਅਮਿਤ ਕੁਮਾਰ): ਇਥੇ ਰਿਲਾਇੰਸ ਪੰਪ ਅੱਗੇ ਜਾਰੀ ਲਗਾਤਾਰ ਧਰਨੇ ਦੌਰਾਨ ਕਿਸਾਨਾਂ ਨੇ ਦੋ ਘੰਟੇ ਸੜਕੀ ਆਵਾਜਾਈ ਜਾਮ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ, ਮਹਿੰਦਰ ਭੈਣੀ ਬਾਘਾ, ਬਲਾਕ ਵਿੱਤ ਸਕੱਤਰ ਦਰਸ਼ਨ ਸਿੰਘ ਗੁਰਨੇ ਕਲਾ, ਦੇਵੀ ਰਾਮ ਰੰਘੜਿਆਲ, ਕੁੱਲ ਹਿੰਦ ਕਿਸਾਨ ਸਭਾ (ਸਾਂਬਰ) ਦੇ ਭੁਪਿੰਦਰ ਸਿੰਘ ਗੁਰਨੇ, ਸੁਖਦੇਵ ਸਿੰਘ ਬੋੜਾਵਾਲ, ਲੱਖੋਵਾਲ ਯੂਨੀਅਨ ਦੇ ਪ੍ਰਸ਼ੋਤਮ ਸਿੰਘ ਗਿੱਲ, ਜਸਕਰਨ ਸਿੰਘ ਸ਼ੇਰਖਾਂ ਵਾਲਾ ਆਦਿ ਮੌਜੂਦ ਸਨ।
ਭਦੌੜ(ਰਾਜਿੰਦਰ ਵਰਮਾ): ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਬਰਨਾਲਾ-ਬਾਜਾਖਾਨਾ ਮੁੱਖ ਮਾਰਗ ’ਤੇ ਰਿਲਾਇੰਸ ਪੰਪ ਦੇ ਅੱਗੇ ਚੱਕਾ ਜਾਮ ਕੀਤਾ ਗਿਆ। ਇਸ ਸਮੇਂ ਅਧਿਆਪਕ ਆਗੂ ਮਾਸਟਰ ਗੁਰਮੇਲ ਭੁਟਾਲ ਨੇ ਸੰਬੋਧਨ ਕੀਤਾ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਅੱਜ ਧਰਨਿਆਂ ਦੌਰਾਨ ਸੂਬਾ ਕਮੇਟੀ ਦੀ ਕਾਲ ’ਤੇ ਜਲਾਲਾਬਾਦ ਤੋਂ ਫਿਰੋਜ਼ਪੁਰ ਰੋਡ ਮਾਹਮੂਜੋਈਆ ਅਤੇ ਜਲਾਲਾਬਾਦ ਤੋਂ ਫਾਜ਼ਿਲਕਾ ਰੋਡ ’ਤੇ ਥੇਹਕਲੰਦਰ ’ਤੇ ਸੜਕਾਂ ਜਾਮ ਕੀਤੀਆਂ ਗਈਆਂ।
ਭੀਖੀ(ਕਰਨ ਭੀਖੀ): ਇਥੇ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਮਾਨਸਾ-ਪਟਿਆਲਾ ਰੋਡ ’ਤੇ ਆਵਾਜਾਈ ਬੰਦ ਕਰਕੇ ਚੱਕਾ ਜਾਮ ਕੀਤਾ। ਧਰਨੇ ਦੌਰਾਨ ਲੋਕ ਗਾਇਕ ਸੁਖਵੀਰ ਖਾਰੇ ਵੱਲੋਂ ਲੋਕ ਚੇਤਨਾ ਪੱਖੀ ਗੀਤ ਪੇਸ਼ ਕੀਤੇ ਗਏ।
ਰੂੜੇਕੇ ਕਲਾਂ(ਅੰਮ੍ਰਿਤਪਾਲ ਸਿੰਘ ਧਾਲੀਵਾਲ): ਇਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਰਨਾਲਾ ਮਾਨਸਾ ਰੋਡ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਵਿੱਤ ਸਕੱਤਰ ਭਗਤ ਸਿੰਘ ਛੰਨਾ, ਕ੍ਰਿਸਨ ਛੰਨਾਂ ਨੇ ਸੰਬੋਧਨ ਕੀਤਾ।
ਟੱਲੇਵਾਲ(ਲਖਵੀਰ ਸਿੰਘ ਚੀਮਾ): ਇਥੇ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਐਸਆਰ ਪੈਟਰੋਲ ਪੰਪ ਅੱਗੇ ਧਰਨਾ ਜਾਰੀ ਰੱਖਿਆ ਗਿਆ। ਕਿਸਾਨਾਂ ਵਲੋਂ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ਦੋ ਘੰਟਿਆਂ ਲਈ ਜਾਮ ਵੀ ਰੱਖਿਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸੁਖਦੇਵ ਸਿੰਘ ਭੋਤਨਾ, ਦਰਸ਼ਨ ਸਿੰਘ ਚੀਮਾ, ਗੁਰਚਰਨ ਸਿੰਘ ਭਦੌੜ ਅਤੇ ਮੱਖਣ ਸਿੰਘ ਭਦੌੜ ਨੇ ਸੰਬੋਧਨ ਕੀਤਾ।
ਰਾਮਪੁਰਾ ਫੂਲ(ਗੁਰਵਿੰਦਰ ਸਿੰਘ,ਗੁਰਜੀਤ ਭੁੱਲਰ): ਕਿਸਾਨ ਜਥੇਬੰਦੀਆਂ ਦੇ ਸਾਂਝੇ ਪ੍ਰੋਗਰਾਮ ਤਹਿਤ ਰੇਲਵੇ ਸਟੇਸ਼ਨ ’ਤੇ ਲਗਾਇਆ ਗਿਆ ਧਰਨਾ ਅੱਜ 9ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ। ਪਹਿਲਾਂ ਸਮੁੱਚੇ ਕਿਸਾਨ ਰੇਲਵੇ ਸਟੇਸ਼ਨ ਤੇ ਇਕੱਠੇ ਹੋਏ ਤੇ ਬਾਅਦ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਦੁਆਰਾ ਮੌੜ ਚੌਕ ਰਾਮਪੁਰਾ ਵਿਖੇ ਨੈਸ਼ਨਲ ਹਾਈਵੇ ਜਾਮ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਦੋਦਾ(ਜਸਵੀਰ ਸਿੰਘ ਭੁੱਲਰ): ਇਥੇ ਮੁਕਤਸਰ-ਕੋਟਕਪੂਰਾ ਸੜਕ ਉੱਤੇ ਪਿੰਡ ਉਦੇਕਰਨ ਨੇੜੇ 2 ਘੰਟੇ ਲਈ ਸੜਕ ਜਾਮ ਕੀਤੀ ਅਤੇ ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਨਾਲ ਹਰਿਆਣਾ ਸਰਕਾਰ ਦੀ ਨਿਖੇਧੀ ਕੀਤੀ।
ਸਮਾਲਸਰ(ਗੁਰਜੰਟ ਕਲਸੀ): ਇਥੇ ਕੋਟਕਪੂਰਾ-ਮੋਗਾ ਹਾਈਵੇਅ ’ਤੇ ਸਮਾਲਸਰ ਦੇ ਮੇਨ ਬਾਜ਼ਾਰ ਵਿੱਚ ਕਿਸਾਨ ਜਥੇੇਬੰਦੀਆਂ, ਦੁਕਾਨਦਾਰ ਯੂਨੀਅਨ ਸਮਾਲਸਰ, ਆੜ੍ਹਤੀਆ ਐਸੋਸੀਏਸ਼ਨ ਸਮਾਲਸਰ, ਕਿਸਾਨ ਮਜ਼ਦੂਰ ਏਕਤਾ ਜਥੇਬੰਦੀ ਆਦਿ ਨੇ ਬਾਰਾਂ ਵਜੇ ਤੋਂ ਦੋ ਵਜੇ ਤੱਕ ਧਰਨਾ ਲਾ ਕੇ ਰੋਡ ਜਾਮ ਕੀਤਾ।
ਭੁੱਚੋ ਮੰਡੀ(ਪਵਨ ਗੋਇਲ): ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ’ਤੇ ਭੁੱਚੋ ਮੰਡੀ ਨਜ਼ਦੀਕ ਪੂੰਜੀਪਤੀਆਂ ਦੇ ਕਾਰੋਬਾਰਾਂ ਅੱਗੇ ਚਾਰ ਥਾਈਂ ਧਰਨਿਆਂ ’ਤੇ ਬੈਠੇ ਕਿਸਾਨਾਂ ਵੱਲੋਂ ਸੜਕੀ ਜਾਮ ਲਗਾ ਕੇ ਆਵਾਜਾਈ ਠੱਪ ਕੀਤੀ ਗਈ। ਇਨ੍ਹਾਂ ਜਾਮ ਧਰਨਿਆਂ ਵਿੱਚ ਕੱਚਾ ਆੜ੍ਹਤੀ ਐਸੋਸੀਏਸ਼ਨ ਭੁੱਚੋ ਮੰਡੀ, ਮਨਰੇਗਾ ਕਰਮਚਾਰੀ ਯੂਨੀਅਨ, ਠੇਕਾ ਮੁਲਾਜ਼ਮ ਯੂਨੀਅਨ ਆਜ਼ਾਦ ਥਰਮਲ ਲਹਿਰਾ ਮੁਹੱਬਤ, ਜਮਹੂਰੀ ਅਧਿਕਾਰ ਸਭਾ, ਡੀਟੀਐੱਫ ਅਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਭੁੱਚੋ ਮੰਡੀ ਨੇ ਕਿਸਾਨਾਂ ਦਾ ਸਾਥ ਦਿੱਤਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਪਰਮਜੀਤ ਕੌਰ ਪਿੱਥੋ, ਨਿੱਕਾ ਢਿੱਲੋਂ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਬਲਾਕ ਆਗੂ ਹੁਸ਼ਿਆਰ ਸਿੰਘ ਤੇ ਬਲਜੀਤ ਸਿੰਘ ਦੀ ਅਗਵਾਈ ਵਿੱਚ ਜਾਮ ਲਗਾਏ ਗਏ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਸਥਾਨਕ ਸ਼ਹਿਰ ਦੇ ਬਾਹਰ ਬਠਿੰਡਾ ਰੋਡ ’ਤੇ ਰਿਲਾਇੰਸ ਪੰਪ ਅੱਗੇ ਚੱਲ ਰਿਹਾ ਧਰਨਾ ਅੱਜ ਵੀ ਜਾਰੀ ਰਿਹਾ, ਉੱਥੇ ਹੀ ਤਲਵੰਡੀ ਸਾਬੋ-ਬਠਿੰਡਾ ਸੜਕ ਮਾਰਗ ਦੋ ਘੰਟੇ ਲਈ ਜਾਮ ਲਾਇਆ ਗਿਆ। ਇਸ ਮੌਕੇ ਕਿਸਾਨ ਆਗੂ ਮਹਿਮਾ ਸਿੰਘ ਚੱਠੇਵਾਲਾ, ਮਨਦੀਪ ਸਿੰਘ ਸੇਖਪੁਰਾ, ਅਜੈਬ ਸਿੰਘ ਗਿੱਲ ਨੇ ਸਬੋਧਨ ਕੀਤਾ।
ਬਰੇਟਾ(ਸਤ ਪ੍ਰਕਾਸ਼): ਇਥੇ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਰਿਲਾਇੰਸ ਦੇ ਪੈਟਰੋਲ ਪੰਪ ’ਤੇ ਧਰਨਾ ਜੋਗਿੰਦਰ ਸਿੰਘ ਦਿਆਲਪੁਰਾ ਦੀ ਅਗਵਾਈ ਹੇਠ ਸੱਤਵੇਂ ਦਿਨ ਵੀ ਜਾਰੀ ਰਿਹਾ ਜਦ ਕਿ 30 ਕਿਸਾਨ ਜੰਥੇਬੰਦੀਆਂ ਦਾ ਧਰਨਾ ਸਥਾਨਕ ਰੇਲਵੇ ਸਟੇਸ਼ਨ ਤੇ ਲਗਾਤਾਰ ਧਰਨਾ ਜਾਰੀ ਰੱਖਣ ਦੇ ਨਾਲ ਅੱਜ ਦੁਪਹਿਰ ਦੋ ਘੰਟੇ ਮੁੱਖ ਸੜਕ ’ਤੇ ਵੀ ਧਰਨਾ ਲਗਾ ਕੇ ਟਰੈਫਿਕ ਜਾਮ ਰੱਖਿਆ ਗਿਆ।
ਬਰਨਾਲਾ(ਪਰਸ਼ੋਤਮ ਬੱਲੀ): ਅੱਜ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਲਾਈਨ ’ਤੇ ਚੱਲ ਰਹੇ ਧਰਨੇ ਵਿੱਚ ਵਿਸ਼ਾਲ ਇਕੱਠ ਕੀਤਾ । ਗਿੱਦੜਬਾਹਾ(ਦਵਿੰਦਰ ਮੋਹਨ ਬੇਦੀ):ਭਾਰਤੀ ਕਿਸਾਨ ਯੂਨੀਅਨ ਸਾਂਝਾ ਮੋਰਚਾ ਵਲੋਂ ਰੇਲਵੇ ਲਾਈਨ ਨਜ਼ਦੀਕ ਫ਼ਕਰਸਰ ਲਗਾਇਆ ਧਰਨਾ ਅੱਜ ਨੌਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂਆ ਨੇ 2 ਘੰਟੇ ਦੇ ਚੱਕਾ ਜਾਮ ਪ੍ਰੋਗਰਾਮ ਤਹਿਤ ਮਲੋਟ ਰੋਡ ’ਤੇ ਰਾਸ਼ਟਰੀ ਰਾਜ ਮਾਰਗ ਜਾਮ ਕੀਤਾ।
ਸ੍ਰੀ ਮੁਕਤਸਰ ਸਾਹਿਬ(ਗੁਰਸੇਵਕ ਸਿੰਘ ਪ੍ਰੀਤ): ਇਥੇ ਪਿੰਡ ਉਦੇਕਰਨ ਦੇ ਨੇੜੇ ਮੁਕਤਸਰ-ਕੋਟਕਪੂਰਾ ਰੋਡ ’ਤੇ ਦੋ ਘੰਟੇ ਧਰਨਾ ਲਗਾਇਆ ਗਿਆ। 12 ਤੋਂ 2 ਵਜੇ ਤੱਕ ਲਗਾਏ ਗਏ ਇਸ ਧਰਨੇ ਦੌਰਾਨ ਕਿਸਾਨਾਂ ਨੇ ਖੇਤੀ ਕਾਨੂੰਨਾਂ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਕਿਸਾਨੀ ਘੋਲ ’ਚ ਹਰੇ ਝੰਡਿਆਂ ਦੀ ਥੋੜ੍ਹ ਪਈ
ਚਾਉਕੇ(ਰਮਨਦੀਪ ਸਿੰਘ): ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਰੋਸ ਘਰਾਂ ਦੇ ਬਨੇਰਿਆ ਅਤੇ ਵਹੀਕਲਾ ’ਤੇ ਲੱਗੇ ਰਹੇ ਝੰਡੀਆਂ ਵਿੱਚੇ ਝਲਕਣ ਨਾਲ ਝੰਡਿਆਂ ਅਤੇ ਬੈਜਾ ਦੀ ਥੋੜ੍ਹ ਦਾ ਮਲਵਈਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਪਿੰਡ ਦੇ ਕਿਸਾਨਾਂ ਵੱਲੋਂ ਕੀਤਾ ਜਾ ਰਹੀ ਬੈਜ ਅਤੇ ਝੰਡੀਆਂ ਮੰਗ ਪੂਰੀ ਹੀ ਨਹੀਂ ਹੋ ਰਹੀ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਚੱਲ ਰਹੀਆਂ ਇਕਾਈਆਂ ਲਈ ਜਨਵਰੀ ਵਿੱਚ 20 ਹਜ਼ਾਰ ਝੰਡਾ ਅਤੇ 50 ਹਜ਼ਾਰ ਬੈਜ ਬਣਾਏ ਸੀ,ਬਾਅਦ ਵਿੱਚ 50 ਹਜ਼ਾਰ ਬੈਜ ਅਤੇ 20 ਹਜ਼ਾਰ ਝੰਡਾ ਹੋਰ ਮੰਗਵਾਇਆ ਪਰ ਹੁਣ ਫਿਰ ਝੰਡਿਆਂ ਅਤੇ ਬੈਜਾਂ ਦੀ ਥੋੜ੍ਹ ਆ ਗਈ ਹੈ ਪਿਛਲੇ ਦਿਨੀਂ ਹੀ 30 ਹਜ਼ਾਰ ਝੰਡਾ ਅਤੇ 50 ਹਜ਼ਾਰ ਬੈਜ ਬੁੱਕ ਕਰਵਾਇਆਂ ਗਿਆ ਹੈ। ਬੀਕੇਯੂ ਡਕੌਦਾ ਦੇ ਸੂਬਾ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਦੱਸਿਆ ਕਿ ਜਥੇਬੰਦੀ ਨੇ ਪਹਿਲਾ ਕਈ ਬਾਰ ਝੰਡੇ ਅਤੇ ਬੈਜ ਬਣਾਏ ਹਨ ਪਰ ਹੁਣ ਝੰਡਿਆਂ ਅਤੇ ਬੈਜਾਂ ਦੀ ਮੰਗ ਹੋਣ ਕਾਰਨ 10 ਹਜ਼ਾਰ ਝੰਡੇ ਅਤੇ 10 ਹਜ਼ਾਰ ਬੈਜ ਦਾ ਆਰਡਰ ਦਿੱਤਾ ਗਿਆ ਹੈ। ਬੀਕੇਯੂ ਸਿੱਧੂਪੁਰ ਦੇ ਜਰਨਲ ਸਕੱਤਰ ਰੇਸ਼ਮ ਸਿੰਘ ਯਾਤਰੀ ਨੇ ਕਿਹਾ ਕਿ ਝੰਡਿਆਂ ਵਾਲਾ ਕੱਪੜਾ ਹੀ ਨਹੀਂ ਮਿਲ ਰਿਹਾ।
ਵਿਦਿਆਰਥਣ ਨੇ ਆਪਣੀ ਗੋਲਕ ਭੰਨ੍ਹ ਕਿਸਾਨ ਧਰਨਿਆ ’ਚ ਯੋਗਦਾਨ ਪਾਇਆ
ਸਿਰਸਾ(ਪ੍ਰਭੂ ਦਿਆਲ): ਇਥੇ ਇਕ ਚੌਥੀ ਜਮਾਤ ਦੀ ਵਿਦਿਆਰਥਣ ਨੇ ਆਪਣੀ ਗੋਲਕ ਵਿੱਚ ਜੋੜੇ 2800 ਰੁਪਏ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਦਰੀਆਂ ਤੇ ਗੱਦੇ ਖ਼ਰੀਦਣ ਲਈ ਦਾਨ ਕੀਤੇ ਹਨ। ਗੁਰਦੁਆਰਾ ਚਿੱਲਾ ਸਾਹਿਬ ਤੇ ਡੇਰਾ ਬਾਬਾ ਭੂਮਣ ਸ਼ਾਹ ਮੰਗਾਲਾ ਵੱਲੋਂ ਦਿਨ ਰਾਤ ਧਰਨਾ ਲਾ ਰਹੇ ਕਿਸਾਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ।ਸਰਵ ਕਰਮਚਾਰੀ ਸੰਘ, ਸੇਵਾ ਮੁਕਤ ਕਰਮਚਾਰੀ ਸੰਘ ਤੇ ਹੋਰ ਕਈ ਜਥੇਬੰਦੀਆਂ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦਾ ਐਲਾਨ ਕੀਤਾ ਗਿਆ ਹੈ।